ਫਿਰੋਜਪੁਰ ( ਜਤਿੰਦਰ ਪਿੰਕਲ ) ਅੱਜ ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਦੀ ਇਕਾਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਲੀਏ ਵਾਲਾ ਬਲਾਕ ਘੱਲ ਖ਼ੁਰਦ ਜਿਲ੍ਹਾ ਫ਼ਿਰੋਜ਼ਪੁਰ ਵੱਲੋਂ ਵਰਲਡ ਥਿੰਕਿੰਗ ਡੇ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੱਬ ਮਾਸਟਰ ਜਸਵਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਵਰਲਡ ਥਿੰਕਿੰਗ ਡੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਸੋਚ ਦਿਵਸ ਹਰ ਸਾਲ 1926 ਤੋਂ 22 ਫਰਵਰੀ ਨੂੰ ਸਾਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਸਕਾਊਟਿੰਗ ਅਤੇ ਗਾਈਡਿੰਗ ਦੇ ਸੰਸਥਾਪਕ ਰੌਬਰਟ ਬੈਡਨ-ਪਾਵੇਲ ਅਤੇ ਓਲੇਵ ਬੈਡਨ-ਪਾਵੇਲ ਦਾ ਜਨਮ ਦਿਨ ਹੈ।

    ਇਸ ਦਿਨ ਗਰਲ ਸਕਾਊਟਸ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਆਪਣੀਆਂ ‘ਭੈਣਾਂ’ ਅਤੇ ‘ਭਰਾਵਾਂ’ ਬਾਰੇ ਸੋਚਦੇ ਹਨ। 2025 ਵਿੱਚ, ਵਿਸ਼ਵ ਸੋਚ ਦਿਵਸ ਦਾ ਵਿਸ਼ਾ ਸਾਡੀ ਕਹਾਣੀ ਹੈ। ਅਸੀਂ ਸਮੂਹਿਕ ਤੌਰ ‘ਤੇ ਗਾਈਡਿੰਗ ਲਹਿਰ ਦੇ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਡੁਬਕੀ ਲਵਾਂਗੇ, ਅਤੇ ਗਰਲ ਗਾਈਡ ਜਾਂ ਗਰਲ ਸਕਾਊਟ ਹੋਣ ਦਾ ਕੀ ਮਤਲਬ ਹੈ ਦੇ ਮੁੱਲਾਂ ਅਤੇ ਪ੍ਰਤੀਕਵਾਦ ‘ਤੇ ਵਿਚਾਰ ਕਰਾਂਗੇ। ਲਾਰਡ ਬੈਡਨ ਪਾਵਲ ਜੀ ਦੇ ਜੀਵਨ ਅਤੇ ਉਹਨਾਂ ਦੀ ਸੋਚ ਬਾਰੇ ਵਿਚਾਰ ਸਾਂਝੇ ਕੀਤੇ ਗਏ । ਵਿਦਿਆਰਥੀਆਂ ਨੂੰ ਇੱਕ ਜਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ ।ਸਵੱਛ ਭਾਰਤ ਮਿਸ਼ਨ ਤਹਿਤ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦਾ ਸਮਾਨ ਨਾ ਵਰਤਣ ਅਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਮੁਖੀ ਪਰਮਜੀਤ ਕੌਰ, ਸੁਖਮੰਦਰ ਸਿੰਘ, ਨਿਰਮਲ ਕੌਰ, ਗੁਰਦੇਵ ਕੌਰ, ਚਰਨਜੀਤ ਕੌਰ, ਸਰਵਜੀਤ ਕੌਰ ਹਾਜ਼ਰ ਸਨ।