ਸ੍ਰੀ ਮੁਕਤਸਰ ਸਾਹਿਬ, 24 ਅਪ੍ਰੈਲ (ਵਿਪਨ ਮਿਤੱਲ) ਸਿੱਖਿਆ ਵਿਭਾਗ ਵਿਚੋਂ ਬਤੌਰ ਪ੍ਰਬੰਧ ਅਫਸਰ ਦਰਸ਼ਨ ਲਾਲ ਅਰੋੜਾ ਨੇ ਲੋਕ ਸਭਾ ਚੋਣਾਂ ਲਈ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਵੋਟ ਭਾਵੇਂ ਕਿਸੇ ਵੀ ਉਮੀਦਵਾਰ ਜਾਂ ਰਾਜਨੀਤਕ ਪਾਰਟੀ ਨੂੰ ਪਾਈ ਜਾਵੇ ਪਰ ਪਾਈ ਜ਼ਰੂਰ ਜਾਵੇ। ਸ੍ਰੀ ਅਰੋੜਾ ਨੇ ਇਹ ਸ਼ਬਦ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਮਾਧਿਅਮ ਤੋਂ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਹੇ। ਸ੍ਰੀ ਢੋਸੀਵਾਲ ਨੇ ਵੋਟਰਾਂ ਨੂੰ ਪ੍ਰੇਰਿਤ ਕਰਨ ਦੇ ਮੰਤਵ ਨਾਲ ਅੱਸੀ ਸਾਲਾਂ ਤੋਂ ਵੱਧ ਉਮਰ ਦੇ ਸੇਵਾ ਮੁਕਤ ਮਰਦ ਪੈਨਸ਼ਨਰਾਂ ਨਾਲ ਗੱਲਬਾਤ ਕੀਤੀ। ਪੰਜਾਬ ਪੁਲਿਸ ਵੱਲੋਂ ਬਤੌਰ ਡੀ.ਐੱਸ.ਪੀ. ਕੰਮ ਕਰਦੇ ਰਹੇ ਡਿਪਟੀ ਸੁੰਦਰ ਸਿੰਘ ਨੇ ਕਿਹਾ ਕਿ ਸਮੂਹ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਤਾਂ ਜ਼ਰੂਰ ਕਰਨੀ ਹੀ ਚਾਹੀਦੀ ਹੈ। ਇਸ ਦੇ ਨਾਲ ਅਮਨ ਚੈਨ ਦੀ ਸਥਿਤੀ ਕਾਇਮ ਰੱਖਣ ਲਈ ਵੀ ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਰੈਵਨਿਊ ਮਹਿਕਮੇਂ ਵਿਚੋਂ ਬਤੌਰ ਕਾਨੂੰਨਗੋ ਰਿਟਾਇਰ ਹੋਏ 93 ਸਾਲ ਦੀ ਉਮਰ ਭੋਗ ਚੁੱਕੇ ਚੌ. ਦੌਲਤ ਰਾਮ ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਕਾਲ ਵਿਚ ਵਿਦੇਸ਼ੀ ਹਕੂਮਤ ਦਾ ਨਰਕ ਵੀ ਭੋਗਿਆ ਹੈ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਸਿਰਫ਼ ਵੋਟ ਦੀ ਵਰਤੋਂ ਕਰਕੇ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ। ਵੋਟ ਦੀ ਸਹੀ ਵਰਤੋਂ ਕਰਕੇ ਹੀ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ। ਇਸੇ ਤਰ੍ਹਾਂ 85 ਸਾਲ ਦੇ ਸੇਵਾ ਮੁਕਤ ਪ੍ਰਿੰਸੀਪਲ ਤੇ ਉਘੇ ਲਿਖਾਰੀ ਕਰਤਾਰ ਸਿੰਘ ਬੇਰੀ ਨੇ ਢੋਸੀਵਾਲ ਨਾਲ ਗੱਲਬਾਤ ਕਰਦੇ ਹੋਏ ਚੋਣਾਂ ਦੌਰਾਨ ਆਪਸੀ ਪਿਆਰ ਤੇ ਮਿਲਵਰਤਣ ਕਾਇਮ ਰੱਖਣ ਦੀ ਅਪੀਲ ਕੀਤੀ। ਸ੍ਰ. ਬੇਰੀ ਨੇ ਕਿਹਾ ਕਿ ਰਾਜਨੀਤਕ ਲੀਡਰ ਤਾਂ ਵੋਟਾਂ ਵੇਲੇ ਕਦੇ ਕਦਾਈ ਹੀ ਆਉਂਦੇ ਹਨ, ਆਂਢ ਗੁਆਂਢ ਚੋਵੀ ਘੰਟੇ ਮਿਲਦਾ ਰਹਿੰਦਾ ਹੈ। ਵੋਟਾਂ ਕਾਰਣ ਸਮਾਜਿਕ ਸਾਂਝ ਨਹੀਂ ਟੁਟਣੀ ਚਾਹੀਦੀ। ਇਸੇ ਤਰ੍ਹਾਂ ਸੇਵਾ ਮੁਕਤ ਲੈਕਚਰਾਰ ਦਰਸ਼ਨ ਕੱਕੜ ਨੇ ਹਰੇਕ ਵੋਟਰ ਨੂੰ ਆਪਣੀ ਪੂਰੀ ਸੋਚ ਵਿਚਾਰ ਕਰਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਜਿਵੇਂ ਅਸੀਂ ਕੋਈ ਵੀ ਛੋਟੀ ਤੋਂ ਛੋਟੀ ਵਸਤੂ ਖਰੀਦਣ ਵੇਲੇ ਵੀ ਪੂਰੀ ਤਰ੍ਹਾਂ ਪਰਖ ਪੜਤਾਲ ਕਰਦੇ ਹਾਂ, ਇਸੇ ਤਰ੍ਹਾਂ ਵੋਟ ਪਾਉਣ ਵੇਲੇ ਵੀ ਹਰ ਇਕ ਉਮੀਦਵਾਰ ਬਾਰੇ ਪੂਰੀ ਛਾਣ ਬੀਣ ਕਰਕੇ ਹੀ ਵੋਟ ਪਾਉਣੀ ਚਾਹੀਦੀ ਹੈ। ਵੋਟ ਦੀ ਵਰਤੋਂ ਹਰ ਹਾਲ ਵਿਚ ਕੀਤੀ ਜਾਣੀ ਬਣਦੀ ਹੈ। ਉਹਨਾਂ ਨੇ ਅੱਗੇ ਕਿਹਾ ਕਿ “ਵੋਟ ਦਿਓ ਸੋਚ ਕੇ, ਲੋਕਤੰਤਰ ’ਤੇ ਪਹਿਰਾ ਦਿਓ ਠੋਕ ਕੇ” ਦਾ ਅਸੂਲ ਅਪਣਾਉਂਦੇ ਹੋਏ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨੀ ਚਾਹੀਦੀ ਹੈ।