Skip to content
ਬਟਾਲਾ ਦੇ ਇਲਾਕੇ ਮਾਨ ਨਗਰ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾਂ ਰੋਹਿਤ ਵਜੋਂ ਹੋਈ ਹੈ। ਰੋਹਿਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੌਕੇ ‘ਤੇ ਮੌਜੂਦ ਇਲਾਕੇ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਮਾਨ ਨਗਰ ਵਿੱਚ ਸ਼ਰੇਆਮ ਨਸ਼ਾ ਵਿੱਕਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਪਿਤਾ ਚਰਨਜੀਤ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਹਿਤ ਨਸ਼ੇ ਦਾ ਆਦਿ ਸੀ। ਉਸ ਨੇ ਸ਼ਾਮ ਨੂੰ ਕੰਮ ਕਰਨ ਲਈ ਦਿੱਲੀ ਜਾਣਾ ਸੀ ਜਿਸ ਦੇ ਲਈ ਉਸਨੂੰ ਪੈਸੇ ਵੀ ਦਿੱਤੇ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਕਿਸੇ ਦਾ ਫੋਨ ਆਇਆ ਤੇ ਉਹ ਘਰੋਂ ਨਿਕਲ ਗਿਆ। ਬਾਅਦ ਵਿੱਚ ਪਤਾ ਲੱਗਿਆ ਕਿ ਉਸਦੀ ਲਾਸ਼ ਮਾਨ ਨਗਰ ਇਲਾਕੇ ਦੇ ਖਾਲੀ ਪਲਾਟਾਂ ਵਿੱਚ ਪਈ ਹੈ। ਉਹਨਾਂ ਦੱਸਿਆ ਕਿ ਰੋਹਿਤ ਉਹਨਾਂ ਦਾ ਇਕਲੌਤਾ ਸਹਾਰਾ ਸੀ। ਉਹ ਪੁੱਤ ਨੂੰ ਬਹੁਤ ਸਮਝਾਉਂਦੇ ਸੀ ਕਿ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾ ਪਰ ਉਸਨੇ ਸਾਡੀ ਇੱਕ ਨਹੀਂ ਸੁਣੀ।
ਉੱਥੇ ਹੀ ਮੌਕੇ ‘ਤੇ ਪੁਹੰਚੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਨੌਜਵਾਨ ਦੀ ਮ੍ਰਿਤਕ ਦੇਹ ਮਾਨ ਨਗਰ ਦੇ ਖਾਲੀ ਪਲਾਟਾਂ ਵਿੱਚ ਵੇਖੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਤਸਦੀਕ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਦੀ ਮੌਤ ਨਸ਼ੇ ਨਾਲ ਹੋਈ ਹੈ ਜਾਂ ਫਿਰ ਗਰਮੀ ਨਾਲ ਹੋਈ ਹੈ ਬਾਕੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Post Views: 2,074
Related