ਜ਼ਿਲ੍ਹਾ ਫ਼ਰੀਦਕੋਟ ਦੇ ਨੇੜਲੇ ਪਿੰਡ ਮਾਨ ਮਰਾੜ ਦੇ ਇਕ ਨੌਜਵਾਨ ਦੀ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਦੀ ਦੁਖਦਾਇਕ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਮਰਾੜ ਦੇ ਸੂਬਾ ਸਿੰਘ ਦਾ ਬੇਟਾ ਗੁਰਵਿੰਦਰ ਸਿੰਘ ਕਰੀਬ ਦੋ ਸਾਲ ਪਹਿਲਾਂ ਰੁਜ਼ਗਾਰ ਲਈ ਮਨੀਲਾ ਗਿਆ ਸੀ। ਉਨ੍ਹਾਂ ਦੇ ਰਿਸ਼ਤੇਦਾਰ ਨੇ ਘਟਨਾ ਦੀ ਜਾਣਕਾਰੀ ਦਿਤੀ। ਪਤਾ ਲੱਗਾ ਹੈ ਕਿ ਅਣਪਛਾਤੇ ਵਿਅਕਤੀਆਂ ਵਲੋਂ ‘ਮਾਰਬਲ ਸਿਟੀ’ ਵਿਖੇ ਉਸ ਨੂੰ ਚਾਰ-ਪੰਜ ਗੋਲੀਆਂ ਮਾਰੀਆਂ ਗਈਆਂ। ਗੁਰਵਿੰਦਰ ਸਿੰਘ ਦੀ ਮੌਤ ਦੀ ਘਟਨਾ ਦਾ ਪਤਾ ਲਗਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।