ਹਰਿਆਣਾ ਦੇ ਬਹਾਦਰਗੜ੍ਹ ‘ਚ ਸ਼ਨਿਚਰਵਾਰ ਸਵੇਰੇ ਇਕ ਸੁਸਾਇਟੀ ਦੀ 7ਵੀਂ ਮੰਜ਼ਿਲ ਤੋਂ ਡਿੱਗ ਕੇ ਇਕ ਨੌਜਵਾਨ ਅਤੇ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਯੂਟਿਊਬਰ ਸਨ ਅਤੇ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਸਨ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਖ਼ੁਦਕੁਸ਼ੀ ਸੀ।
ਮ੍ਰਿਤਕਾਂ ਦੀ ਪਛਾਣ ਗਰਵਿਤ (25) ਅਤੇ ਨੰਦਿਨੀ (22) ਵਜੋਂ ਹੋਈ ਹੈ। ਕੁੱਝ ਸਮਾਂ ਪਹਿਲਾਂ ਦੋਵੇਂ ਦੇਹਰਾਦੂਨ ਤੋਂ ਅਪਣੀ ਟੀਮ ਨਾਲ ਬਹਾਦਰਗੜ੍ਹ ਆਏ ਸਨ। ਦੋਵੇਂ ਵੀਡੀਉ ਬਣਾ ਕੇ ਫੇਸਬੁੱਕ ਅਤੇ ਯੂਟਿਊਬ ‘ਤੇ ਪੋਸਟ ਕਰਦੇ ਸਨ। ਇਸ ਸਮੇਂ ਉਹ ਬਹਾਦਰਗੜ੍ਹ ਸ਼ਹਿਰ ਦੀ ਰੁਹਿਲ ਰੈਜ਼ੀਡੈਂਸੀ ਸੁਸਾਇਟੀ ਦੇ ਫਲੈਟ ਨੰਬਰ 701 ਵਿਚ ਰਹਿ ਰਹੇ ਸਨ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗਰਵਿਤ ਸ਼ਨਿਚਰਵਾਰ ਸਵੇਰੇ ਸੋਸਾਇਟੀ ‘ਚ ਆਇਆ ਸੀ। ਇਥੇ ਉਸ ਨੇ ਨੰਦਨੀ ਨਾਲ ਗੱਲਬਾਤ ਕੀਤੀ। ਸਵੇਰੇ ਕਰੀਬ 6 ਵਜੇ ਦੋਵਾਂ ਦੀਆਂ ਖੂਨ ਨਾਲ ਲੱਥ-ਪੱਥ ਲਾਸ਼ਾਂ ਜ਼ਮੀਨ ‘ਤੇ ਪਈਆਂ ਮਿਲੀਆਂ। ਜਦੋਂ ਉਨ੍ਹਾਂ ਨੂੰ ਸੁਸਾਇਟੀ ‘ਚ ਰਹਿੰਦੇ ਲੋਕਾਂ ਨੇ ਦੇਖਿਆ ਤਾਂ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਸ ਤੋਂ ਬਾਅਦ ਗਰਵੀਤ ਅਤੇ ਨੰਦਿਨੀ ਦੇ ਦੋਸਤ ਵੀ ਉੱਥੇ ਆ ਗਏ। ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। ਸੂਚਨਾ ਤੋਂ ਬਾਅਦ ਸੈਕਟਰ-6 ਥਾਣਾ ਪੁਲਿਸ ਪਹਿਲਾਂ ਮੌਕੇ ‘ਤੇ ਪਹੁੰਚੀ ਅਤੇ ਫਿਰ ਹਸਪਤਾਲ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਐਫਐਸਐਲ ਟੀਮ ਨੂੰ ਸੂਚਿਤ ਕੀਤਾ।
ਜਾਂਚ ਅਧਿਕਾਰੀ ਜਗਬੀਰ ਸਿੰਘ ਨੇ ਦਸਿਆ ਕਿ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਦੇ ਨਾਲ ਰਹਿਣ ਵਾਲੇ ਨੌਜਵਾਨਾਂ ਅਤੇ ਔਰਤਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਦੇ ਪਰਿਵਾਰਾਂ ਨੂੰ ਲੱਭ ਕੇ ਸੂਚਿਤ ਕੀਤਾ ਜਾਵੇਗਾ। ਇਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।