(ਅਮਿਤ ਨਖਵਾਲ) ਲੁਧਿਆਣਾ: ਲੁਧਿਆਣਾ ਸੈਂਟਰਲ ਜੇਲ੍ਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਜੇਲ੍ਹ ਵਿੱਚ ਬੰਦ 19 ਸਾਲਾ ਅੰਡਰ ਟਰਾਇਲ ਕੈਦੀ ਅਰਸ਼ਦੀਪ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਮਾਂ ਸਰਬਜੀਤ ਕੌਰ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਸ ਦੇ ਪੁੱਤਰ ਦੀ ਮੌਤ ਬਿਮਾਰੀ ਕਾਰਨ ਨਹੀਂ, ਸਗੋਂ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਹੈ।

ਜਾਣਕਾਰੀ ਅਨੁਸਾਰ, ਪਟਿਆਲਾ ਦੇ ਸੁਲਰ ਘਰਾਟ (ਝੂੰਗੋਪੱਤੀ) ਦਾ ਰਹਿਣ ਵਾਲਾ ਅਰਸ਼ਦੀਪ ਸਿੰਘ 22 ਮਾਰਚ 2026 ਤੋਂ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਅਧੀਨ ਬੰਦ ਸੀ। ਉਸ ਖ਼ਿਲਾਫ਼ ਦਾਖਾ ਥਾਣੇ ਵਿੱਚ ਐਫਆਈਆਰ ਨੰਬਰ 61 ਤਹਿਤ ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 137(2) ਅਤੇ 64 ਦੇ ਨਾਲ-ਨਾਲ ਪੋਕਸੋ ਐਕਟ ਦੀ ਧਾਰਾ 6 ਅਧੀਨ ਕੇਸ ਦਰਜ ਕੀਤਾ ਗਿਆ ਸੀ।

ਮ੍ਰਿਤਕ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ, 3 ਜੁਲਾਈ 2026 ਨੂੰ ਜੇਲ੍ਹ ਵਿੱਚ ਅਰਸ਼ਦੀਪ ਦੀ ਸਿਹਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਗਲੇ ਦਿਨ 4 ਜੁਲਾਈ ਨੂੰ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਸਰਬਜੀਤ ਕੌਰ ਨੇ ਦੋਸ਼ ਲਗਾਇਆ ਕਿ ਜੇਲ੍ਹ ਪ੍ਰਸ਼ਾਸਨ ਨੇ ਉਸ ਦੇ ਪੁੱਤਰ ਦੀ ਸਿਹਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਮੇਂ ਸਿਰ ਲੋੜੀਂਦਾ ਡਾਕਟਰੀ ਇਲਾਜ ਮੁਹੱਈਆ ਨਹੀਂ ਕਰਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਰਸ਼ਦੀਪ ਨੂੰ ਸਮੇਂ ਸਿਰ ਬਿਹਤਰ ਇਲਾਜ ਮਿਲ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ।

ਪਰਿਵਾਰ ਦੇ ਦੋਸ਼ਾਂ ਦੇ ਆਧਾਰ ‘ਤੇ ਲੁਧਿਆਣਾ ਦੇ ਡਿਵੀਜ਼ਨ ਨੰਬਰ-7 ਥਾਣੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫਆਈਆਰ ਨੰਬਰ 173 ਦਰਜ ਕੀਤੀ ਗਈ ਹੈ। ਇਹ ਮਾਮਲਾ ਭਾਰਤੀ ਨਿਆਏ ਸੰਹਿਤਾ ਦੀ ਧਾਰਾ 106(1) ਅਤੇ 3(5) ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਦੀ ਜ਼ਿੰਮੇਵਾਰੀ ਸਬ-ਇੰਸਪੈਕਟਰ ਦਿਨੇਸ਼ ਕੁਮਾਰ ਨੂੰ ਸੌਂਪੀ ਗਈ ਹੈ।

ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਮੌਤ ਵਿੱਚ ਕਿਸੇ ਦੀ ਲਾਪਰਵਾਹੀ ਜਾਂ ਹੋਰ ਕੋਈ ਕਾਰਨ ਸਾਹਮਣੇ ਆਉਂਦਾ ਹੈ ਜਾਂ ਨਹੀਂ।