ਦਵਿੰਦਰ ਕੁਮਾਰ ਗੋਲਾ ਦੀ ਅਗਵਾਈ ਹੇਠ ਕੋਟ ਮੁਹੱਲਾ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਵੱਖ-ਵੱਖ ਮੁਹੱਲਿਆਂ ਵਿੱਚੋਂ ਹੁੰਦੀ ਹੋਈ ਕੋਟ ਮੁਹੱਲਾ ਵਿਖੇ ਹੋਈ ਸੰਪੰਨ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ): ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਅਤੇ ਵਾਲਮੀਕਿ ਜਯੰਤੀ ਦੇ ਪਾਵਨ ਮੌਕੇ ਬਸਤੀ ਸ਼ੇਖ ਦੇ ਕੋਟ ਮੁਹੱਲਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਦਵਿੰਦਰ ਕੁਮਾਰ ਗੋਲਾ ਜੀ ਦੀ ਅਗਵਾਈ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਕੱਢੀ ਗਈ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

   

ਸ਼ੋਭਾ ਯਾਤਰਾ ਦੀ ਸ਼ੁਰੂਆਤ ਕੋਟ ਮੁਹੱਲਾ ਤੋਂ ਹੋਈ, ਜੋ ਗੁਲਾਬੀਆ ਮੁਹੱਲਾ, ਬਈਆਂ ਮੰਡੀ, ਬਸਤੀ ਗੁਜ਼ਾਂ, ਬਬਰੀਕ ਚੌਕ ਅਤੇ ਬਸਤੀ ਸ਼ੇਖ ਅੱਡਾ ਸਮੇਤ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਵਾਪਸ ਕੋਟ ਮੁਹੱਲਾ ਵਿਖੇ ਪਹੁੰਚ ਕੇ ਸੰਪੰਨ ਹੋਈ। ਸ਼ੋਭਾ ਯਾਤਰਾ ਦੌਰਾਨ ਸੰਗਤਾਂ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਥਾਂ-ਥਾਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਨੇ ਸ਼ਰਧਾ ਭਾਵਨਾ ਨਾਲ ਆਪਣੀ ਹਾਜ਼ਰੀ ਲਗਵਾਈ।

ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਜੀ ਦੀ ਟੀਮ ਵੱਲੋਂ ਜੈ ਮਾਂ ਛਿੰਨਮਸਤਿਕਾ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਦਾ ਛਕਿਆ। ਸੇਵਾ ਕਾਰਜਾਂ ਰਾਹੀਂ ਧਾਰਮਿਕ ਸਮਾਗਮ ਵਿੱਚ ਸ਼ਾਮਲ ਸੰਗਤਾਂ ਦੀ ਸੇਵਾ ਕੀਤੀ ਗਈ।

ਇਸ ਮੌਕੇ ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ, ਜੋਤੀ ਟੰਡਨ, ਪੱਪੂ ਪੰਡਿਤ, ਗੁਰਸ਼ਰਨ ਸਿੰਘ ਸ਼ੰਨੂ, ਨੰਦਾ ਜੀ, ਮਨੀ ਨਿਹੰਗ, ਰਿੰਪਾ ਜੀ, ਸੋਨੂੰ ਬਾਬਾ, ਸੁਮਿਤ ਸ਼ਰਮਾ, ਰਿੰਕੂ ਮੱਕੜ ਅਤੇ ਅਰਸ਼ਦੀਪ ਸਿੰਘ ਕਾਲੜਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।

ਸਮਾਗਮ ਦੌਰਾਨ ਦਵਿੰਦਰ ਸਿੰਘ ਗੋਲਾ ਜੀ ਨੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਵੱਲੋਂ ਦਿੱਤਾ ਗਿਆ ਸਮਾਨਤਾ, ਸੱਚਾਈ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਅੱਜ ਵੀ ਸਮਾਜ ਲਈ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਸਾਨੂੰ ਸਾਰਿਆਂ ਨੂੰ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਏ ਸਮਾਜ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ।

ਸ਼ੋਭਾ ਯਾਤਰਾ ਦੌਰਾਨ ਇਲਾਕੇ ਵਿੱਚ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਬਣਿਆ ਰਿਹਾ। ਸਮੂਹ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸੰਗਤਾਂ ਨੇ ਸ਼ਲਾਘਾ ਕੀਤੀ। ਇਸ ਤਰ੍ਹਾਂ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਜਯੰਤੀ ਦਾ ਇਹ ਸਮਾਗਮ ਸ਼ਰਧਾ, ਸੇਵਾ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੋਇਆ ਸੰਪੰਨ ਹੋਇਆ।