ਲੁਧਿਆਣਾ – ਕੋਰੋਨਾ ਨੇ ਪੰਜਾਬ ‘ਚ ਤਬਾਈ ਮਚਾਈ ਹੋਈ ਹੈ। ਇਸ ਦੇ ਚੱਲਦਿਆਂ ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਪੀੜਤ 2 ਮਰੀਜ਼ਾਂ ਦੀ ਮੌਤ ਹੋ ਗਈ ਹੈ। ਖਬਰ ਮੁਤਾਬਕ ਜਨਕਪੁਰੀ ਦਾ ਰਹਿਣ ਵਾਲਾ 35 ਸਾਲਾ ਪੁਰਸ਼ ਕੋਰੋਨਾ ਪੀੜਤ ਪਾਇਆ ਗਿਆ ਸੀ ਅਤੇ ਮੋਹਨ ਦੇਈ ਓਸਵਾਲ ਹਸਪਤਾਲ ‘ਚ ਭਰਤੀ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਦੋਂ ਕਿ ਸ਼ਹਿਰ ਦੇ ਫੋਰਟਿਸ ਹਸਪਤਾਲ ‘ਚ ਦਾਖਲ ਮੋਗਾ ਦੀ ਰਹਿਣ ਵਾਲੀ 66 ਸਾਲਾ ਜਨਾਨੀ ਦੀ ਵੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਮ੍ਰਿਤਕਾਂ ਦੀ ਗਿਣਤੀ 48 ਹੋ ਗਈ ਹੈ। ਸ਼ਹਿਰ ‘ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1839 ਤੱਕ ਪਹੁੰਚ ਗਈ ਹੈ, ਜਦੋਂ ਕਿ ਇਨ੍ਹਾਂ ‘ਚੋਂ 311 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਹੁਣ ਤੱਕ 17909 ਵਿਅਕਤੀਆਂ ਨੂੰ ਘਰਾਂ ‘ਚ ਇਕਾਂਤਵਾਸ ਕੀਤਾ ਗਿਆ ਹੈ, ਜਦੋਂ ਕਿ ਮੌਜੂਦਾ ਸਮੇਂ ਵੀ 2879 ਵਿਅਕਤੀ ਇਕਾਂਤਵਾਸ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ 243 ਵਿਅਕਤੀਆਂ ਨੂੰ ਘਰਾਂ ‘ਚ ਇਕਾਂਤਵਾਸ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਦੇ ਕੋਰੋਨਾ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਨਮੂਨੇ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਨਮੂਨਿਆਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ‘ਚ ਹੁੰਦੀ ਹੈ।