ਅਮਿਤ ਨਖਵਾਲ: ਨਵੀਂ ਦਿੱਲੀ: ਦੇਸ਼ ਭਰ ਵਿੱਚ ਕਮਜ਼ੋਰ ਮਾਨਸੂਨ ਅਤੇ ਮੀਂਹ ਦੀ ਕਮੀ ਦਰਮਿਆਨ ਭਾਰਤੀ ਮੌਸਮ ਵਿਭਾਗ (IMD) ਨੇ ਰਾਹਤ ਭਰੀ ਭਵਿੱਖਬਾਣੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਮਾਨਸੂਨ ਦੀ ਰਫ਼ਤਾਰ ਕੁਝ ਸੁਸਤ ਰਹਿ ਸਕਦੀ ਹੈ, ਪਰ 1 ਜੁਲਾਈ ਤੋਂ ਬਾਅਦ ਬਾਰਿਸ਼ ਵਿੱਚ ਤੇਜ਼ੀ ਆਉਣ ਦੀ ਪੂਰੀ ਸੰਭਾਵਨਾ ਹੈ।
IMD ਅਨੁਸਾਰ 27 ਜੂਨ ਤੋਂ 1 ਜੁਲਾਈ ਦੇ ਵਿਚਕਾਰ ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਆਮ ਜਾਂ ਆਮ ਤੋਂ ਵੱਧ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਬਾਅਦ 2 ਜੁਲਾਈ ਤੋਂ 8 ਜੁਲਾਈ ਦੇ ਸਮੇਂ ਦੌਰਾਨ ਮੌਸਮ ਵਿੱਚ ਹੋਰ ਸੁਧਾਰ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਅਰਸੇ ਦੌਰਾਨ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਆਮ ਤੋਂ ਵੱਧ ਬਾਰਿਸ਼ ਦਰਜ ਕੀਤੀ ਜਾ ਸਕਦੀ ਹੈ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਮਾਨਸੂਨ ਮੁੜ ਰਫ਼ਤਾਰ ਫੜੇਗਾ, ਜਿਸ ਨਾਲ ਖੇਤੀਬਾੜੀ, ਜਲ ਸਰੋਤਾਂ ਅਤੇ ਗਰਮੀ ਤੋਂ ਪਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਕਿਸਾਨਾਂ ਲਈ ਵੀ ਇਹ ਭਵਿੱਖਬਾਣੀ ਖੁਸ਼ਖਬਰੀ ਮੰਨੀ ਜਾ ਰਹੀ ਹੈ, ਕਿਉਂਕਿ ਚੰਗੀ ਬਾਰਿਸ਼ ਨਾਲ ਖਰੀਫ਼ ਫ਼ਸਲਾਂ ਦੀ ਬਿਜਾਈ ਅਤੇ ਵਿਕਾਸ ਨੂੰ ਫ਼ਾਇਦਾ ਹੋਵੇਗਾ।


