ਬ੍ਰਿਟੇਨ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਦੇ ਹੋਏ ਇਕ ਗੱਦੇ ਅਤੇ ਕੇਕ ਫੈਕਟਰੀ ਵਿਚ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਨ ਦੇ ਸ਼ੱਕ ਵਿਚ 11 ਪੁਰਸ਼ ਅਤੇ ਇਕ ਔਰਤ ਸਮੇਤ 12 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਬ੍ਰਿਟੇਨ ਦੇ ਗ੍ਰਹਿ ਦਫਤਰ ਦੁਆਰਾ ਜਾਰੀ ਕੀਤੇ ਗਏ ਇਕ ਬਿਆਨ ਦੇ ਅਨੁਸਾਰ, ਇਮੀਗ੍ਰੇਸ਼ਨ ਇਨਫੋਰਸਮੈਂਟ ਅਫਸਰਾਂ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਵਿਚ ਗੱਦੇ ਦੇ ਕਾਰੋਬਾਰ ਨਾਲ ਜੁੜੇ ਇਕ ਯੂਨਿਟ ‘ਤੇ ਛਾਪਾ ਮਾਰਿਆ। ਅਧਿਕਾਰੀਆਂ ਨੂੰ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਉਥੇ ਨਾਜਾਇਜ਼ ਕੰਮ ਹੋ ਰਿਹਾ ਹੈ। ਬਿਆਨ ਮੁਤਾਬਕ ਅਧਿਕਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਇਲਜ਼ਾਮ ‘ਚ ਸੱਤ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਹਿ ਦਫ਼ਤਰ ਦੇ ਅਨੁਸਾਰ, ਚਾਰ ਹੋਰ ਭਾਰਤੀ ਨਾਗਰਿਕਾਂ ਨੂੰ ਨੇੜਲੀ ਕੇਕ ਫੈਕਟਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ‘ਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਇਕ ਭਾਰਤੀ ਔਰਤ ਨੂੰ ਵੀ ਇਮੀਗ੍ਰੇਸ਼ਨ ਅਪਰਾਧਾਂ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਚਾਰ ਲੋਕਾਂ ਨੂੰ ਬਰਤਾਨੀਆ ਤੋਂ ਕੱਢਣ ਜਾਂ ਭਾਰਤ ਡਿਪੋਰਟ ਕੀਤੇ ਜਾਣ ਦੇ ਵਿਚਾਰ ਅਧੀਨ ਹਿਰਾਸਤ ਵਿਚ ਲਿਆ ਗਿਆ ਹੈ।
ਬਾਕੀ ਅੱਠ ਲੋਕਾਂ ਨੂੰ ਇਸ ਸ਼ਰਤ ‘ਤੇ ਜ਼ਮਾਨਤ ਦਿਤੀ ਗਈ ਹੈ ਕਿ ਉਹ ਨਿਯਮਿਤ ਤੌਰ ‘ਤੇ ਹੋਮ ਆਫਿਸ ਨੂੰ ਰਿਪੋਰਟ ਕਰਨ। ਇਸ ਦੌਰਾਨ, ਜੇਕਰ ਇਹ ਦੋਸ਼ ਹੈ ਕਿ ਫੈਕਟਰੀ ਵਿਚ ਗੈਰ-ਕਾਨੂੰਨੀ ਕਾਮੇ ਰੱਖੇ ਗਏ ਹਨ ਅਤੇ ਲੋੜੀਂਦੇ ਪ੍ਰੀ-ਰੁਜ਼ਗਾਰ ਟੈਸਟ ਨਹੀਂ ਕਰਵਾਏ ਗਏ, ਤਾਂ ਇਹ ਸਾਬਤ ਹੋਣ ‘ਤੇ ਦੋਵਾਂ ਯੂਨਿਟਾਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।