ਸੀਐਮ ਮਾਨ ਦੀ ਉਤਰੀ ਤਸਵੀਰ, ਨਾਮ ਵੀ ਬਦਲੇ

ਲੁਧਿਆਣਾ ਵਿੱਚ 94 ਮੁਹੱਲਾ ਕਲੀਨਿਕ ਸਨ, ਜਿਨ੍ਹਾਂ ਵਿੱਚੋਂ 65 ਕਲੀਨਿਕਾਂ ਦਾ ਨਾਮ ਬਦਲਿਆ ਗਿਆ ਹੈ। ਇੰਨਾ ਹੀ ਨਹੀਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਸਵੀਰ ਵੀ ਇਨ੍ਹਾਂ ਆਯੁਸ਼ਮਾਨ ਅਰੋਗਿਆ ਕੇਂਦਰਾਂ ਤੋਂ ਹਟਾ ਦਿੱਤੀ ਗਈ ਹੈ। ਬਕਾਇਦਾ ਨੈਸ਼ਨਲ ਹੈਲਥ ਮਿਸ਼ਨ ਦਾ ਲੋਗੋ ਵੀ ਨਾਲ ਲਾਇਆ ਗਿਆ ਹੈ, ਤਾਂ ਜੋ ਪਤਾ ਲੱਗ ਸਕੇ ਕਿ ਇਹ ਕੇਂਦਰ ਦੇ ਸਹਿਯੋਗ ਦੇ ਨਾਲ ਕਲੀਨਿਕ ਚੱਲ ਰਹੇ ਹਨ।
“ਬਿੱਲੀ ਥੈਲਿਓ ਬਾਹਰ ਆਈ, ਹੁਣ ਸੱਚ ਸਾਹਮਣੇ ਆਇਆ”
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਨੇ ਦੱਸਿਆ ਕਿ 2023 ਵਿੱਚ 1200 ਕਰੋੜ ਰੁਪਏ ਦਾ ਫੰਡ ਕੇਂਦਰ ਸਰਕਾਰ ਨੇ ਰੋਕ ਲਿਆ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚੋਂ ਹੁਣ 600 ਕਰੋੜ ਰੁਪਏ ਦੋ ਕਿਸ਼ਤਾਂ ਵਿੱਚ ਜਾਰੀ ਕੀਤਾ ਗਿਆ ਹੈ। 400 ਕਰੋੜ ਰੁਪਏ ਪਹਿਲਾਂ ਵੀ ਜਾਰੀ ਕੀਤੇ ਗਏ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਉੱਤੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਲੋਕਾਂ ਦੀ ਸੁਵਿਧਾਵਾਂ ਦੇ ਲਈ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਇਹ ਫੰਡ ਮੁਹੱਈਆ ਕਰਵਾਈ ਜਾਂਦੇ ਹਨ, ਪਰ ਪੰਜਾਬ ਸਰਕਾਰ ਇਸ ਨੂੰ ਆਪਣੇ ਹੀ ਮੁਹੱਲਾ ਕਲੀਨਿਕਾਂ ਉੱਤੇ ਲਗਾ ਕੇ ਆਪਣਾ ਵਿਗਿਆਪਨ ਕਰ ਰਹੀ ਸੀ ਜਿਸ ਦਾ ਕੇਂਦਰ ਵੱਲੋਂ ਸਖ਼ਤ ਨੋਟਿਸ ਲਿਆ ਗਿਆ।
ਕੇਂਦਰ ਵਲੋਂ ਫੰਡਾਂ ਦੀ ਕੋਈ ਰੋਕ ਨਹੀਂ, ਆਪ ਨੇ ਦੁਰਵਰਤੋਂ ਕੀਤੀ
ਅਨਿਲ ਸਰੀਨ ਨੇ ਕਿਹਾ ਕਿ ਸਰਕਾਰ ਫੰਡ ਦੇਣ ਵਿੱਚ ਗੁਰੇਜ ਨਹੀਂ ਕਰਦੀ, ਸਗੋਂ ਵੱਡੀ ਗਿਣਤੀ ਵਿੱਚ ਲੋਕਾਂ ਦੀ ਸਹੂਲਤ ਲਈ ਫੰਡ ਮੁਹਈਆ ਕਰਵਾਏ ਜਾਂਦੇ ਹਨ, ਪਰ ਕੇਂਦਰ ਸਰਕਾਰ ਵੱਲੋਂ ਭੇਜੇ ਜਾਂਦੇ ਫੰਡ ਪੰਜਾਬ ਸਰਕਾਰ ਕਿਤੇ ਹੋਰ ਵਰਤ ਰਹੀ ਸੀ ਜਿਸ ਕਰਕੇ ਇਹ ਫੈਸਲਾ ਲਿਆ ਗਿਆ।
