ਪੰਜਾਬ ਵਿੱਚ ਨਸ਼ਾ ਤਸਕਰੀ ਲਈ ਤਸਕਰਾਂ ਵੱਲੋਂ ਨਵੇਂ ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, BSF ਦੇ ਚੌਕਸ ਜਵਾਨਾਂ ਨੂੰ ਪਲਾਸਟਿਕ ਦੀਆਂ ਚੱਪਲਾਂ ਦੀ ਇੱਕ ਜੋੜੀ ਵਿੱਚੋਂ ਹੈਰੋਇਨ ਦੇ 02 ਪੈਕਟ ਮਿਲੇ ਹਨ। ਜਵਾਨਾਂ ਨੇ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ।
ਜਾਣਕਾਰੀ ਅਨੁਸਾਰ 3 ਮਈ 2024 ਨੂੰ ਸ਼ਾਮ ਦੇ ਸਮੇਂ ਦੌਰਾਨ ਅੰਮ੍ਰਿਤਸਰ ਵਿੱਚ ਸਰਹੱਦੀ ਵਾੜ ਦੇ ਅੱਗੇ ਦੇ ਖੇਤਰ ਵਿੱਚ ਕਿਸਾਨ ਗਾਰਡ ਦੀ ਡਿਊਟੀ ਨਿਭਾ ਰਹੇ ਸਨ। ਇਸ ਦੌਰਾਨ BSF ਦੇ ਜਵਾਨਾਂ ਨੇ ਇੱਕ ਕਟਾਈ ਵਾਲੇ ਖੇਤ ਵਿੱਚ ਪਲਾਸਟਿਕ ਦੀਆਂ ਚੱਪਲਾਂ ਦੀ ਇੱਕ ਜੋੜੀ ਦੇਖੀ। ਜਵਾਨਾਂ ਵੱਲੋਂ ਚੱਪਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਜਾਂਚ ਕਰਨ ਤੇ ਪਾਇਆ ਗਿਆ ਕਿ ਚੱਪਲਾਂ ਦੇ ਤਲ਼ੇ ਵਿੱਚ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟ ਕੇ ਸ਼ੱਕੀ ਹੈਰੋਇਨ ਦੇ 02 ਪੈਕੇਟ ਛੁਪਾਏ ਹੋਏ ਸਨ। ਬਰਾਮਦ ਕੀਤੇ ਗਏ ਪੈਕਟਾਂ ਦਾ ਕੁੱਲ ਵਜ਼ਨ 435 ਗ੍ਰਾਮ ਦੇ ਲਗਭਗ ਦੱਸਿਆ ਜਾ ਰਿਹਾ ਹੈ। BSF ਦੇ ਜਵਾਨਾਂ ਵੱਲੋਂ ਇਹ ਬਰਾਮਦਗੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਿੰਡੀ ਨੈਣ ਨੇੜੇ ਇੱਕ ਖੇਤ ਵਿੱਚ ਹੋਈ ਹੈ।