ਪੰਜਾਬ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂਖੇੜਾ (33) ਦੀ ਚਾਰ ਸਾਲ ਪਹਿਲਾਂ ਮੋਹਾਲੀ ਵਿੱਚ ਦਿਨ ਦਿਹਾੜੇ ਗੈਂਗਸਟਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਤਿੰਨ ਗੈਂਗਸਟਰਾਂ ਨੂੰ ਕਤਲ ਅਤੇ ਅਸਲਾ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਹੈ।
ਦੋਸ਼ੀਆਂ ਵਿੱਚ ਅਜੇ ਲੈਫਟੀ, ਸੱਜਣ ਅਤੇ ਅਨਿਲ ਲੱਠ ਸ਼ਾਮਲ ਹਨ। ਦੋਸ਼ੀਆਂ ਨੂੰ ਸੋਮਵਾਰ (27 ਜਨਵਰੀ) ਨੂੰ ਸਜ਼ਾ ਸੁਣਾਈ ਜਾਵੇਗੀ। ਜਦੋਂਕਿ ਗੈਂਗਸਟਰ ਭੁੱਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।

    ਵਿੱਕੀ ਦਾ 4 ਸਾਲ ਪਹਿਲਾਂ 7 ਅਗਸਤ 2021 ਨੂੰ ਉਸ ਸਮੇਂ ਕਤਲ ਹੋ ਗਿਆ ਸੀ, ਜਦੋਂ ਉਹ ਸੈਕਟਰ-70 ਸਥਿਤ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ। ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਇਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਦੋਸ਼ੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਵਿੱਕੀ ਨੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
    ਉਹ ਕਰੀਬ ਇੱਕ ਕਿਲੋਮੀਟਰ ਤੱਕ ਦੌੜਿਆ ਪਰ ਹਮਲਾਵਰ ਉਸ ਦਾ ਪਿੱਛਾ ਕਰਦੇ ਰਹੇ।

    ਉਨ੍ਹਾਂ ਨੇ ਕੁੱਲ 20 ਰਾਊਂਡ ਫ਼ਾਇਰ ਕੀਤੇ, ਜਿਨ੍ਹਾਂ ਵਿੱਚੋਂ 9 ਗੋਲੀਆਂ ਵਿੱਕੀ ਨੂੰ ਲੱਗੀਆਂ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੰਬੀਹਾ ਗੈਂਗ ਨੇ ਕਤਲ ਤੋਂ ਅਗਲੇ ਦਿਨ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਮੁੱਢਲੀ ਜਾਂਚ ਵਿੱਚ ਬੰਬੀਹਾ ਗਿਰੋਹ ਨੂੰ ਚਲਾਉਣ ਵਾਲੇ ਲੱਕੀ ਪਟਿਆਲ ਦਾ ਨਾਂ ਸਾਹਮਣੇ ਆਇਆ ਸੀ। ਦੋਵੇਂ ਗਿਰੋਹ ਇੱਕ ਦੂਜੇ ਦੇ ਖਿਲਾਫ਼ ਹਨ।