ਨਾਭਾ :  ਇਲਾਕੇ ‘ਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ, ਜਿਥੇ ਮਾਪਿਆਂ ਨੇ ਆਪਣੀ 3 ਮਹੀਨਿਆਂ ਦੀ ਧੀ ਦਾ ਕਤਲ ਕਰ ਦਿੱਤਾ। ਮਿ੍ਤਕ ਬੱਚੀ ਦੀ ਪਛਾਣ ਪਰੀ ਵਜੋਂ ਹੋਈ ਹੈ। ਬੱਚੀ ਦੇ ਦਾਦੀ-ਦਾਦੇ ਦੇ ਦੋਸ਼ ਹਨ ਕਿ ਬੱਚੀ ਦਾ ਪਿਤਾ ਨਸ਼ੇ ਕਰਨ ਦਾ ਆਦੀ ਹੈ। ਪਤੀ-ਪਤਨੀ ਆਪਣੀ ਬੱਚੀ ਨਾਲ ਕਮਰੇ ਵਿਚ ਸਨ ਤੇ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਬੱਚੀ ਦਾ ਕਤਲ ਕਰ ਦਿੱਤਾ। ਜਦੋਂ ਬੱਚੀ ਦੇ ਦਾਦਾ-ਦਾਦੀ ਨੇ ਅੰਦਰ ਜਾ ਕੇ ਦੇਖਿਆ ਤਾਂ ਬੱਚੀ ਲਹੂ-ਲੁਹਾਣ ਹੋਈ ਫਰਸ਼ ‘ਤੇ ਡਿੱਗੀ ਪਈ ਸੀ ਜਿਸ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਬੱਚੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦੁਨੀਆ ਨੂੰ ਅਲਵਿਦਾ ਆਖ ਗਈ। ਮਿ੍ਤਕ ਬੱਚੀ ਪਰੀ ਦੀ ਦਾਦੀ ਮੋਨਾ ਰਾਣੀ ਅਤੇ ਦਾਦਾ ਸੰਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਹੈ ਅਤੇ ਉਹ ਅਕਸਰ ਹੀ ਉਸ ਨੂੰ ਨਸ਼ਾ ਕਰਨ ਤੋਂ ਰੋਕਦੇ ਸਨ ਪਰ ਬੀਤੀ ਰਾਤ ਬੰਦ ਕਮਰੇ ਵਿਚ ਪਤੀ-ਪਤਨੀ ‘ਚ ਕੀ ਗੱਲ ਹੋਈ, ਉਨ੍ਹਾਂ ਨੂੰ ਨਹੀਂ ਪਤਾ ਪਰ ਜਦੋਂ ਕਮਰੇ ਵਿਚ ਪੈ ਰਿਹਾ ਰੌਲਾ-ਰੱਪਾ ਸੁਣਿਆ ਤਾਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਨੰਨ੍ਹੀ ਬੱਚੀ ਪਰੀ ਖੂਨ ਨਾਲ ਲੱਥਪੱਥ ਫਰਸ਼ ‘ਤੇ ਡਿੱਗੀ ਪਈ ਸੀ। ਬੱਚੀ ਦੇ ਦਾਦਾ-ਦਾਦੀ ਨੇ ਕਿਹਾ ਉਹ ਬੱਚੀ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਬੱਚੀ ਦੀ ਮੌਤ ਹੋ ਗਈ। ਇਸੇ ਦੌਰਾਨ ਉਨ੍ਹਾਂ ਦੀ ਨੂੰਹ ਤੇ ਪੁੱਤਰ ਘਰੋਂ ਫਰਾਰ ਹੋ ਗਏ। ਨੰਨ੍ਹੀ ਬੱਚੀ ਸਾਡੀ ਜਿਗਰ ਦਾ ਟੁਕੜਾ ਸੀ, ਜਿਸ ਨੂੰ ਬੜੇ ਚਾਵਾਂ ਨਾਲ ਪਾਲਿਆ ਸੀ। ਇਸ ਮੌਕੇ ਪੁਲਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪਰਚਾ ਦਰਜ ਕਰ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।