ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਤੋਂ ਵੋਟਿੰਗ ਚੱਲ ਰਹੀ ਹੈ। ਪੰਜਾਬ ਦੇ 13 ਹਲਕਿਆਂ ‘ਚ ਦੁਪਹਿਰ 3 ਵਜੇ ਤੱਕ 46.38% ਵੋਟਿੰਗ ਹੋਈ ਹੈ। ਗੁਰਦਾਸਪੁਰ ਵਿਚ ਸਭ ਤੋਂ ਵੱਧ 49.10% ਵੋਟਿੰਗ ਹੋਈ ਹੈ। ਉੱਥੇ ਹੀ ਸਭ ਤੋਂ ਘੱਟ ਅੰਮ੍ਰਿਤਸਰ ਸਾਹਿਬ ਵਿੱਚ 41.74% ਵੋਟਿੰਗ ਦਰਜ ਕੀਤੀ ਗਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਹੋਵੇਗੀ।

    ਫਿਰੋਜ਼ਪੁਰ ਤੋਂ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ‘ਤੇ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲੈਂਦੇ ਹੋਏ FIR ਦਰਜ ਕੀਤਾ ਹੈ। ਦਰਅਸਲ ਕੰਬੋਜ ਨੇ ਵਿਧਾਨ ਸਭਾ ਹਲਕਾ ਗੁਰੁਹਰਸਹਾਏ ਅਧੀਨ ਆਉਂਦੇ ਪਿੰਡ ਜੀਵਾਂ ਅਰਾਈ ਵਿਖੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕੀਤੀ ਗਈ।

    ਫਰੀਦਕੋਟ ‘ਚ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਉੱਡ ਗਿਆ। ਜਿਸ ਕਾਰਨ ਉਥੇ ਡਿਊਟੀ ਕਰ ਰਹੇ ਮੁਲਾਜ਼ਮਾਂ ਦਾ ਵਾਲ-ਵਾਲ ਬਚ ਗਿਆ। ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ। ਬਠਿੰਡਾ ਵਿੱਚ ਈਵੀਐਮ ਵਿੱਚ ਤਕਨੀਕੀ ਖਰਾਬੀ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।‘ਆਪ’, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਅਤੇ ਆਗੂ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਗੁਰਪ੍ਰੀਤ ਕੌਰ ਨਾਲ ਵੋਟ ਪਾਉਂਦੇ ਹੋਏ। ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸੰਧੂ, ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੋਹਾਲੀ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ‘ਚ ਆਪਣੀ ਵੋਟ ਪਾਈ।ਬਠਿੰਡਾ ਵਿਖੇ ਸ਼ਨੀਵਾਰ ਨੂੰ ਚਾਰ ਵਜੇ ਦੇ ਕਰੀਬ ਅਚਾਨਕ ਮੌਸਮ ਵਿੱਚ ਤਬਦੀਲੀ ਦੇਖੀ ਗਈ। ਅਚਾਨਕ ਸ਼ੁਰੂ ਹੋਈ ਅੰਧੇਰੀ ਨੇ ਗਰਮੀ ਨਾਲ ਲੋਕਾਂ ਨੂੰ ਰਾਹਤ ਦਿੱਤੀ । ਦੂਜੇ ਪਾਸੇ ਕਈ ਜਗਾ ਲਗਾਏ ਗਏ ਪਾਰਟੀਆਂ ਦੇ ਪੋਲਿੰਗ ਟੈਂਟ ਵੀ ਹਵਾ ਚ ਉੱਡ ਗਏ।