ਚੰਡੀਗੜ੍ਹ(ਅਮਿਤ ਨਖਵਾਲ):  ਪੰਜਾਬ ਅਤੇ ਹਰਿਆਣਾ ਦੇ ਕੌਮੀ ਰਾਜਮਾਰਗਾਂ (ਨੈਸ਼ਨਲ ਹਾਈਵੇਅ) ‘ਤੇ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਖੇਤਰ ਦੇ 8 ਪ੍ਰਮੁੱਖ ਟੋਲ ਪਲਾਜ਼ਿਆਂ ‘ਤੇ ਯੂਜ਼ਰ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਲਾਗੂ ਹੋਣ ਨਾਲ ਸੰਗਰੂਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਸਮੇਤ ਕਈ ਰੂਟਾਂ ‘ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੁਣ ਪ੍ਰਤੀ ਗੇੜ 5 ਤੋਂ 10 ਰੁਪਏ ਤੱਕ ਵੱਧ ਟੋਲ ਅਦਾ ਕਰਨਾ ਪਵੇਗਾ।

ਐਨ.ਐਚ.ਏ.ਆਈ. ਵੱਲੋਂ ਜਾਰੀ ਸੋਧੇ ਗਏ ਰੇਟਾਂ ਅਨੁਸਾਰ ਚੰਡੀਗੜ੍ਹ-ਖਰੜ-ਲੁਧਿਆਣਾ ਸੈਕਸ਼ਨ ਦੇ ਘੁਲਾਲ ਟੋਲ ਪਲਾਜ਼ਾ ‘ਤੇ ਨਿੱਜੀ ਕਾਰਾਂ ਲਈ ਇਕ ਪਾਸੇ ਦਾ ਟੋਲ 115 ਰੁਪਏ, ਜਦਕਿ ਆਉਣ-ਜਾਣ (ਰਿਟਰਨ) ਦਾ ਟੋਲ 170 ਰੁਪਏ ਕਰ ਦਿੱਤਾ ਗਿਆ ਹੈ।

ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਕੁਝ ਟੋਲ ਪਲਾਜ਼ਿਆਂ ‘ਤੇ ਯੂਜ਼ਰ ਫੀਸਾਂ ਵਿੱਚ ਕਮੀ ਕੀਤੀ ਗਈ ਸੀ, ਪਰ ਸੋਧੇ ਹੋਏ ਫਰੇਮਵਰਕ ਤਹਿਤ ਹੁਣ ਦਰਾਂ ਨੂੰ ਮੁੜ ਬਹਾਲ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਟੋਲ ਪਲਾਜ਼ਿਆਂ ‘ਤੇ ਕੀਤਾ ਗਿਆ ਵਾਧਾ ਬਹੁਤ ਹੀ ਮਾਮੂਲੀ ਹੈ ਅਤੇ ਇਹ ਨਿਯਮਾਂ ਅਨੁਸਾਰ ਲਾਗੂ ਕੀਤਾ ਗਿਆ ਹੈ।

ਨਵੀਆਂ ਦਰਾਂ ਲਾਗੂ ਹੋਣ ਨਾਲ ਰੋਜ਼ਾਨਾ ਆਵਾਜਾਈ ਕਰਨ ਵਾਲੇ ਯਾਤਰੀਆਂ ਅਤੇ ਵਪਾਰਕ ਵਾਹਨਾਂ ਦੇ ਸੰਚਾਲਕਾਂ ‘ਤੇ ਇਸ ਦਾ ਸਿੱਧਾ ਅਸਰ ਪਵੇਗਾ, ਕਿਉਂਕਿ ਹੁਣ ਉਨ੍ਹਾਂ ਨੂੰ ਹਰ ਸਫ਼ਰ ਲਈ ਪਹਿਲਾਂ ਨਾਲੋਂ ਵੱਧ ਟੋਲ ਫੀਸ ਅਦਾ ਕਰਨੀ ਪਵੇਗੀ।

ਰਿਪੋਰਟ: ਅਮਿਤ ਨਖਵਾਲ