ਪ੍ਰਮੁੱਖ ਸਕੱਤਰ ਵੱਲੋਂ ਧਾਂਦਲੀਆਂ ਲਈ ਨਰਿੰਦਰ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕਰਨ ਦਾ ਹੋਇਆ ਫੈਸਲਾ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਮਨਜਿੰਦਰ ਸਿੰਘ ਸਿਰਸਾ ਵੱਲੋਂ ਪੰਜਾਬੀ ਟੈਸਟ ਪਾਸ ਕਰਨ ਦੇ ਬਾਵਜੂਦ ਨਰਿੰਦਰ ਸਿੰਘ ਨੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਉਹਨਾਂ ਨੂੰ ਆਯੋਗ ਕਰਾਰ ਦਿੱਤਾ: ਕਾਲਕਾ, ਕਾਹਲੋਂ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਤਤਕਾਲੀ ਡਾਇਰੈਕਟਰ ਸਰਦਾਰ ਨਰਿੰਦਰ ਸਿੰਘ ਵੱਲੋਂ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ.ਕੇ. ਤੇ ਕੇਜਰੀਵਾਲ ਸਰਕਾਰ ਨਾਲ ਰਲ ਕੇ ਰਚੀ ਗਈ ਸਾਜ਼ਿਸ਼ ਦਾ ਭਾਂਡਾ ਚੋਰਾਹੇ ਭੰਨਿਆ ਗਿਆ ਹੈ ਤੇ ਹੁਣ ਸਰਦਾਰ ਨਰਿੰਦਰ ਸਿੰਘ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਜਾ ਰਹੀ ਹੈ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਸਾਰੇ ਮਾਮਲੇ ਦਾ ਦਸਤਾਵੇਜ਼ੀ ਸਬੂਤਾਂ ਸਮੇਤ ਖੁਲ੍ਹਾਸਾ ਹੋਇਆ ਹੈ। ਉਹਨਾਂ ਦੱਸਿਆ ਕਿ ਪਹਿਲਾਂ ਤਾਂ ਸਰਦਾਰ ਨਰਿੰਦਰ ਸਿੰਘ ਨੇ ਗਲਤ ਹੱਦਬੰਦੀ ਕੀਤੀ ਤੇ ਪੰਜਾਬੀ ਬਾਗ ਇਲਾਕੇ ਦੀ ਹੱਦਬੰਦੀ ਇਸ ਢੰਗ ਨਾਲ ਤਬਦੀਲ ਕੀਤੀ ਜਿਸਦਾ ਲਾਭ ਕਿਸੇ ਇਕ ਵਿਸ਼ੇਸ਼ ਉਮੀਦਵਾਰ ਨੂੰ ਮਿਲੇ। ਇਸ ਮਗਰੋਂ ਉਹਨਾਂ ਵੋਟਰ ਸੂਚੀਆਂ ਵਿਚ ਗੜਬੜ ਕੀਤੀ।
ਉਹਨਾਂ ਦੱਸਿਆ ਕਿ ਫਿਰ ਉਹਨਾਂ ਨੇ ਵੋਟਾਂ ਵਾਲੇ ਦਿਨ ਸਰਨਾ ਭਰਾਵਾਂ ਤੇ ਆਪ ਦੇ ਆਗੂਆਂ ਨੂੰ ਸ਼ਰ੍ਹੇਆਮ ਗੁੰਡਾਗਰਦੀ ਕੀਤੀ ਤੇ ਸਾਡੇ ਵਿਰੋਧੀਆਂ ਨੂੰ ਲਾਭ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੇ ਕਿਉਂਕਿ ਸੰਗਤਾਂ ਨੇ ਸਾਡੇ ਵੱਲੋਂ ਕੀਤੀ ਸੇਵਾ ਜਿਸ ਵਿਚ ਕੋਰੋਨਾ ਕਾਲ ਵਿਚ ਕੀਤੀ ਸੇਵਾ ਵੀ ਸ਼ਾਮਲ ਸੀ, ਨੂੰ ਵੇਖਦਿਆਂ ਸਾਨੂੰ ਮੁੜ ਫਤਵਾ ਦਿੱਤਾ।
ਉਹਨਾਂ ਕਿਹਾ ਕਿ ਇਸ ਮਗਰੋਂ ਡਾਇਰੈਕਟਰ ਨੇ ਮੈਂ ਕੋ ਆਪਟ ਕਰਨ ਸਮੇਤ ਤੇ ਸਿੰਘ ਸਭਾਵਾਂ ਦੇ ਪ੍ਰਤੀਨਿਧਾਂ ਦੀ ਮੈਂਬਰਾਂ ਵਜੋਂ ਚੋਣ ਕਰਨ ਵੇਲੇ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਤੇ ਉਸ ਤਰੀਕੇ ਮੈਂਬਰ ਨਾਮਜ਼ਦ ਕੀਤੇ ਜੋ ਪਿਛਲੇ 50 ਸਾਲਾਂ ਵਿਚ ਨਹੀਂ ਹੋਇਆ। ਉਹਨਾਂ ਕਿਹਾ ਕਿ ਨਿਯਮ ਅਨੁਸਾਰ ਪਹਿਲਾਂ ਸਿੰਘ ਸਾਹਿਬਾਨ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਚੋਣ ਹੁੰਦੀ ਹੈ ਪਰ ਸਰਦਾਰ ਨਰਿੰਦਰ ਸਿੰਘ ਨੇ ਸਾਰੀਆਂ ਤਰਤੀਬਾਂ ਛਿੱਕੇ ਟੰਗ ਦਿੱਤੀਆਂ ਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਚੋਣ ਨਹੀਂ ਕਰਵਾਈ ਬਲਕਿ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਨਾਮਜ਼ਦਗੀ ਕਰਵਾਈ।
ਉਹਨਾਂ ਦੱਸਿਆ ਕਿ ਇਸੇ ਤਰੀਕੇ ਸਿੰਘ ਸਭਾਵਾਂ ਦੀ ਚੋਣ ਦੇ ਨਿਯਮ ਹਨ ਕਿ ਜਿਹੜੀ ਸਿੰਘ ਸਭਾ ਦੇ ਨਾਂ ਦੀ ਪਰਚੀ ਨਿਕਲੇ, ਉਸਦੇ ਤਤਕਾਲੀ ਪ੍ਰਧਾਨ ਨੂੰ ਮੈਂਬਰ ਚੁਣਿਆ ਜਾਂਦਾ ਹੈ। ਪਰਚੀ ਸਿੰਘ ਸਭਾ ਰਘਬੀਰ ਨਗਰ ਤੇ ਸਿੰਘ ਸਭਾ ਵਿਸ਼ਾਖਾ ਨਗਰ ਪ੍ਰੀਤਮ ਪੁਰਾ ਦੀ ਪਰਚੀ ਨਿਕਲੀ ਪਰ ਡਾਇਰੈਕਟਰ ਨੇ ਪੰਜ-ਪੰਜ ਪਰਚੀਆਂ ਕੱਢ ਕੇ ਹੱਦ ਹੀ ਕਰ ਦਿੱਤੀ।
ਉਹਨਾਂ ਕਿਹਾ ਕਿ ਜਿਵੇਂ ਕਹਾਵਤ ਹੈ ਕਿ ਉਸ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਤੇ ਅੰਤ ਜਿੱਤ ਸੱਚ ਦੀ ਹੁੰਦੀ ਹੈ। ਉਹਨਾਂ ਕਿਹਾ ਕਿ ਹੁਣ ਸਰਦਾਰ ਕਸ਼ਮੀਰ ਸਿੰਘ ਤੇ ਸਰਦਾਰ ਮਲਕੀਤ ਸਿੰਘ ਦੀ ਚੋਣ ਕਾਨੂੰਨ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਜੋਂ ਹੋਵੇਗੀ।
ਉਹਨਾਂ ਇਹ ਵੀ ਦੱਸਿਆ ਕਿ ਪ੍ਰਮੁੱਖ ਸਕੱਤਰ ਨੇ ਲੈਫ ਜੀ ਨੂੰ ਸਿਫਾਰਸ਼ ਕੀਤੀ ਹੈ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਗੈਰਕਾਨੂੰਨੀ ਢੰਗ ਨਾਲ ਅਯੋਗ ਕਰਾਰ ਦੇਣ ’ਤੇ ਸਰਦਾਰ ਨਰਿੰਦਰ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਜਾਵੇ। ਉਹਨਾਂ ਦੱਸਿਆ ਕਿ ਪੰਜਾਬੀ ਟੈਸਟ ਲੈਣ ਵਾਲੇ ਤਿੰਨਾਂ ਅਧਿਆਪਕਾਂ ਸਰਦਾਰ ਸੁਖਜਿੰਦਰ ਸਿੰਘ, ਸਰਦਾਰ ਹਰਪ੍ਰੀਤ ਸਿੰਘ ਤੇ ਸਰਦਾਰਨੀ ਗੁਰਨੀਤ ਕੌਰ ਨੇ ਟੈਸਟ ਵਾਲੇ ਦਿਨ ਮੌਕੇ ’ਤੇ ਹੀ ਆਪਣੀ ਰਿਪੋਰਟ ਦੇ ਦਿੱਤੀ ਸੀ ਤੇ ਸਪਸ਼ਟ ਕੀਤਾ ਸੀ ਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਕਿਸੇ ਵੀ ਤਰੀਕੇ ਅਯੋਗ ਨਹੀਂ ਹਨ। ਉਹਨਾਂ ਕਿਹਾ ਕਿ ਟੈਸਟ ਵਿਚ ਸਰਦਾਰ ਸਿਰਸਾ ਵੱਲੋਂ 60 ਫੀਸਦੀ ਤੋਂ ਜ਼ਿਆਦਾ ਨੰਬਰ ਲੈਣ ਤੇ ਉਹਨਾਂ ਕੋਲ ਨਿਯਮਾਂ ਮੁਤਾਬਕ ਸੁੱਖੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜੇਲ੍ਹ ਰੋਡ ਜਨਕਪੁਰੀ ਨਵੀਂ ਦਿੱਲੀ ਦਾ ਸਰਟੀਫਿਕੇਟ ਹੋਣ ਦੇ ਬਾਵਜੂਦ ਸਰਦਾਰ ਸਿਰਸਾ ਦਾ ਗੈਰ ਕਾਨੂੰਨੀ ਤਰੀਕੇ ਨਾਲ ਟੈਸਟ ਲਿਆ ਗਿਆ। ਉਹਨਾਂ ਕਿਹਾ ਕਿ ਹੁਣ ਸਰਦਾਰ ਨਰਿੰਦਰ ਸਿੰਘ ਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੀ ਪੂਰਾ ਵਾਹ ਲਗਾਇਆ ਸੀ ਕਿ ਸਾਡੀ ਟੀਮ ਹਾਰੇ ਪਰ ਸੰਗਤਾਂ ਦੇ ਫਤਵੇ ਅੱਗੇ ਉਹ ਵੀ ਹਾਰ ਗਈ ਤੇ ਉਸਦੇ ਸਭ ਹੱਥਕੰਢੇ ਫੇਲ੍ਹ ਹੋ ਗਏ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਇਹ ਵੀ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਤਿੰਨ ਸਾਬਕਾ ਪ੍ਰਧਾਨਾਂ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਵੱਲੋਂ ਕਮੇਟੀ ਦਾ ਪ੍ਰਧਾਨ ਹੁੰਦਿਆਂ ਕੀਤੇ ਭ੍ਰਿਸ਼ਟਾਚਾਰ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਕੰਪਨੀਆਂ ਬਣਾ ਕੇ ਕੀਤੀਆਂ ਅਦਾਇਗੀਆਂ ਦੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ ਹੈ ਤੇ ਜਲਦ ਉਹਨਾਂ ਦੇ ਭ੍ਰਿਸ਼ਟਾਚਾਰ ਦਾ ਭਾਂਡਾ ਸੰਗਤਾਂ ਸਾਹਮਣੇ ਭੰਨਿਆ ਜਾਵੇਗਾ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਤਿੰਨੋਂ ਆਗੂ ਬਦਲਾਖੋਰੀ ਦੀ ਰਾਜਨੀਤੀ ਦਾ ਰੋਲਾ ਪਾਉਣ ਪਰ ਸੱਚ ਤੇ ਝੂਠ ਦਾ ਨਿਤਾਰਾ ਹੋ ਕੇ ਰਹੇਗਾ।