ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਲਾੜੇ ਨੇ ਰਾਜਸਥਾਨ ਜਾ ਕੇ ਦਾਜ ਪ੍ਰਥਾ ਵਿਰੁਧ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਹ ਲਾੜੀ ਨੂੰ ਲਿਆਉਣ ਲਈ ਢੋਲ-ਵਾਜਿਆਂ ਨਾਲ ਬਰਾਤ ਲੈ ਕੇ ਪਹੁੰਚਿਆ, ਪਰ ਲੱਖਾਂ ਰੁਪਏ ਦਾ ਦਾਜ ਲੈਣ ਦੀ ਬਜਾਏ ਉਸ ਨੇ ਲਾੜੀ ਦੇ ਪਰਵਾਰ ਤੋਂ ਸ਼ਗਨ ਵਜੋਂ ਸਿਰਫ਼ 1 ਰੁਪਏ ਅਤੇ ਇਕ ਨਾਰੀਅਲ ਲਿਆ।
ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲੜਕੇ ਦੇ ਦਾਦਾ ਹਨੂੰਮਾਨ ਨੇ ਕਿਹਾ ਕਿ ਉਨ੍ਹਾਂ ਲਈ ਲਾੜੀ ਸੱਭ ਤੋਂ ਵੱਡਾ ਦਾਜ ਹੈ। ਸਿਰਸਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨੂੰਮਾਨ ਦੇ ਪੋਤੇ ਅਨਿਲ ਕੁਮਾਰ ਦਾ ਵਿਆਹ 4 ਫਰਵਰੀ ਨੂੰ ਹੋਇਆ ਸੀ। ਅਨਿਲ ਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਮੇਹਰਵਾਲਾ ਵਾਸੀ ਰਾਜਾਰਾਮ ਦੀ ਧੀ ਸੁਮਨ ਨਾਲ ਹੋਇਆ। ਅਨਿਲ ਨੇ ਐਲਐਲਬੀ ਦੀ ਪੜ੍ਹਾਈ ਕੀਤੀ ਹੈ, ਜਦਕਿ ਉਸ ਦੀ ਪਤਨੀ ਸੁਮਨ ਰਾਜਸਥਾਨ ਪੁਲਿਸ ਵਿਚ ਏਐਸਆਈ ਹੈ।
ਵਿਆਹ ਦੀਆਂ ਸਾਰੀਆਂ ਰਸਮਾਂ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਧੂਮ-ਧਾਮ ਨਾਲ ਨਿਭਾਈਆਂ ਗਈਆਂ। ਲੜਕੇ ਨੇ ਲੜਕੀ ਦੇ ਨਾਨਕਿਆਂ ਤੋਂ ਵੀ ਸ਼ਗਨ ਵਜੋਂ ਸਿਰਫ਼ ਇਕ ਰੁਪਿਆ ਅਤੇ ਇਕ ਨਾਰੀਅਲ ਲਿਆ ਸੀ। ਇੰਨਾ ਹੀ ਨਹੀਂ ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਆਏ ਸਾਰੇ ਮਹਿਮਾਨਾਂ ਅਤੇ ਹੋਰ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਸ਼ਗਨ ਦੇਣ ਤੋਂ ਸਾਫ ਇਨਕਾਰ ਕਰ ਦਿਤਾ ਗਿਆ।
ਅਨਿਲ ਕੁਮਾਰ ਦਾ ਇਹ ਵਿਆਹ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਨਿਲ ਦੇ ਪਿਤਾ ਨਿਹਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਰਵਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਲੜਕੀ ਦੇ ਪਰਵਾਰ ਵਲੋਂ ਵੀ ਦਾਜ ਨੂੰ ਲੈ ਕੇ ਸਵਾਲ ਉਠਾਏ ਗਏ ਸਨ ਪਰ ਲੜਕੇ ਦੇ ਪਰਵਾਰ ਵਲੋਂ ਇਸ ਤੋਂ ਸਾਫ਼ ਇਨਕਾਰ ਕਰ ਦਿਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਧੀ ਸੱਭ ਤੋਂ ਵੱਡੇ ਦਾਜ ਵਜੋਂ ਮਿਲੀ ਹੈ।
ਅਨਿਲ ਦੇ ਦਾਦਾ ਹਨੂੰਮਾਨ ਨੇ ਕਿਹਾ ਕਿ ਅੱਜ ਸਮਾਜ ਲਈ ਦਾਜ ਪ੍ਰਥਾ ਦੇ ਖਿਲਾਫ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ। ਇਸ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਅਤੇ ਹੋਰ ਕਦਮ ਚੁੱਕਣੇ ਚਾਹੀਦੇ ਹਨ ਜੋ ਸਮਾਜ ਨੂੰ ਉੱਚਾ ਚੁੱਕਣ ਵਿਚ ਸਹਾਈ ਹੋਣ। ਉਨ੍ਹਾਂ ਸੁਨੇਹਾ ਦਿਤਾ ਕਿ ਕਿਸੇ ਉਤੇ ਵੀ ਬੇਲੋੜਾ ਵਿੱਤੀ ਬੋਝ ਨਹੀਂ ਪਾਉਣਾ ਚਾਹੀਦਾ। ਸੱਭ ਤੋਂ ਵੱਡੀ ਦੌਲਤ ਧੀ ਹੁੰਦੀ ਹੈ, ਜੋ ਅਪਣਾ ਘਰ ਛੱਡ ਕੇ ਸਾਰੀ ਉਮਰ ਅਗਲੇ ਘਰ ਦੀ ਨੂੰਹ ਬਣ ਜਾਂਦੀ ਹੈ।