ਅੰਮ੍ਰਿਤਸਰ ਦੇ ਅਟਾਰੀ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੀ 144 ਬਟਾਲੀਅਨ ਅਤੇ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਤੋਂ ਆਏ ਦੋ ਡਰੋਨ ਬਰਾਮਦ ਹੋਏ ਹਨ। ਇੱਕ ਡਰੋਨ ਭਾਰਤ ਪਾਕਿਸਤਾਨ ਸਰਹੱਦ ‘ਤੇ ਸਥਿਤ ਪਿੰਡ ਦਾਉਕੇ ਅਤੇ ਦੂਸਰਾ ਡਰੋਨ ਸਰਹੱਦੀ ਪਿੰਡ ਰਤਨਖੁਰਦ ਦੇ ਨਜ਼ਦੀਕ ਤੋਂ ਬਰਾਮਦ ਕੀਤਾ ਗਿਆ।ਜਾਣਕਾਰੀ ਅਨੁਸਾਰ ਪਿੰਡ ਦਉਕੇ ਵਿੱਚ ਰਾਤ ਸਮੇਂ BSF ਦੇ ਜਵਾਨਾਂ ਨੂੰ ਡਰੋਨ ਦੇ ਸ਼ੋਰ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ BSF ਅਤੇ ਪੁਲਿਸ ਨੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਨੂੰ ਇੱਕ ਪਾਕਿਸਤਾਨੀ ਡਰੋਨ ਮਿਲਿਆ। ਤਲਾਸ਼ੀ ਅਭਿਆਨ ‘ਚ ਦਿਨ ਦੀ ਦੂਜੀ ਡਰੋਨ ਬਰਾਮਦਗੀ ‘ਚ ਪਿੰਡ ਰਤਨਖੁਰਦ ‘ਤੋਂ ਕੀਤੀ ਗਈ। ਬਰਾਮਦ ਪਾਕਿਸਤਾਨੀ ਡਰੋਨ (DJI Mavic 3 classic) ਹੈ। ਇਹ ਡਰੋਨ ਕਥਿਤ ਤੌਰ ‘ਤੇ ਸਰਹੱਦ ਪਾਰ ਤਸਕਰੀ ਲਈ ਵਰਤਿਆ ਜਾ ਰਿਹਾ ਸੀ।
BOP ਹਰਦੋ ਰਤਨ ਅਤੇ BOP ਦਉਕੇ ਵਿਖੇ ਡਿਊਟੀ ਨਿਭਾ ਰਹੇ BSF ਦੇ ਸਹਾਇਕ ਕੰਪਨੀ ਕਮਾਂਡਰਾਂ ਵਲੋਂ ਦੋਵੇਂ ਡਰੋਨ ਪੁਲਿਸ ਥਾਣਾ ਘਰਿੰਡਾ ਨੂੰ ਸੌਂਪ ਦਿੱਤੇ ਗਏ। ਪੁਲਿਸ ਥਾਣਾ ਘਰਿੰਡਾ ਦੇ ਸਹਾਇਕ SHO ਅਰਜਨ ਕੁਮਾਰ ਨੇ ਗੱਲਬਾਤ ਕਰਦੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।