ਦਿੱਲੀ ਅਤੇ ਨੋਇਡਾ ਦੇ 100 ਤੋਂ ਵੱਧ ਸਕੂਲਾਂ ਨੂੰ ਬੁੱਧਵਾਰ ਨੂੰ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਇਸ ਮੇਲ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਲਾਂ ਵਿੱਚ ਬੰਬ ਲਗਾਏ ਗਏ ਹਨ। ਸਕੂਲਾਂ ਨੂੰ ਮਿਲੀ ਈ-ਮੇਲ ਦੀ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਸਮੇਤ ਵੱਖ-ਵੱਖ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਪੇ ਅਤੇ ਰਿਸ਼ਤੇਦਾਰ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਲਈ ਪਹੁੰਚ ਰਹੇ ਹਨ, ਜਿਸ ਕਾਰਨ ਦਿੱਲੀ ਦੀਆਂ ਸੜਕਾਂ ‘ਤੇ ਜਾਮ ਵਰਗੀ ਸਥਿਤੀ ਪੈਦਾ ਹੋ ਗਈ ਹੈ। ਹਾਲਾਂਕਿ ਹੁਣ ਤੱਕ ਜਿਨ੍ਹਾਂ ਸਕੂਲਾਂ ਦੀ ਜਾਂਚ ਕੀਤੀ ਗਈ ਹੈ, ਉਨ੍ਹਾਂ ‘ਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮਯੂਰ ਵਿਹਾਰ ਖੇਤਰ ਵਿੱਚ ਮਦਰ ਮੈਰੀ ਸਕੂਲ, ਦਵਾਰਕਾ ਵਿੱਚ ਦਿੱਲੀ ਪਬਲਿਕ ਸਕੂਲ, ਚਾਣਕਿਆਪੁਰੀ ਵਿੱਚ ਸੰਸਕ੍ਰਿਤੀ ਸਕੂਲ, ਵਸੰਤ ਕੁੰਜ ਵਿੱਚ ਦਿੱਲੀ ਪਬਲਿਕ ਸਕੂਲ, ਸਾਕੇਤ ਵਿੱਚ ਐਮਿਟੀ ਸਕੂਲ ਅਤੇ ਨੋਇਡਾ ਸੈਕਟਰ 30 ਵਿੱਚ ਦਿੱਲੀ ਪਬਲਿਕ ਸਕੂਲ ਨੂੰ ਬੰਬ ਹੋਣ ਬਾਰੇ ਈਮੇਲ ਭੇਜੀ ਗਈ ਸੀ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸਕੂਲ ਖਾਲੀ ਕਰਵਾ ਲਏ ਗਏ ਹਨ ਅਤੇ ਸਥਾਨਕ ਪੁਲਿਸ ਨੂੰ ਈਮੇਲ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਬ ਨਿਰੋਧਕ ਟੀਮ, ਬੰਬ ਨਿਰੋਧਕ ਦਸਤਾ ਅਤੇ ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀ ਤੁਰੰਤ ਦਿੱਲੀ ਦੇ ਸਕੂਲਾਂ ਵਿੱਚ ਪਹੁੰਚ ਗਏ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
DPS ਦੁਆਰਾ ਮਾਪਿਆਂ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਲਿਖਿਆ ਗਿਆ ਹੈ, “ਇਹ ਤੁਹਾਨੂੰ ਸੂਚਿਤ ਕਰਨ ਲਈ ਹੈ ਕਿ ਸਕੂਲ ਨੂੰ ਇੱਕ ਈਮੇਲ ਮਿਲੀ ਹੈ ਜੋ ਵਿਦਿਆਰਥੀਆਂ ਦੀ ਸੁਰੱਖਿਆ ਲਈ ਖਤਰਾ ਹੈ। DPS ਨੇ ਕਿਹਾ ਕਿ ਸਾਵਧਾਨੀ ਵਜੋਂ, ਅਸੀਂ ਵਿਦਿਆਰਥੀਆਂ ਨੂੰ ਤੁਰੰਤ ਘਰ ਵਾਪਸ ਭੇਜ ਰਹੇ ਹਾਂ,”। ਇਸ ਮਾਮਲੇ ‘ਤੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਅਜਿਹਾ ਲਗਦਾ ਹੈ ਕਿ ਇਹ ਇੱਕ ਫਰਜ਼ੀ ਕਾਲ ਹੈ। ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪ੍ਰੋਟੋਕੋਲ ਦੇ ਅਨੁਸਾਰ ਜ਼ਰੂਰੀ ਕਦਮ ਚੁੱਕ ਰਹੀਆਂ ਹਨ।
ਨੋਇਡਾ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਦਿੱਲੀ ਪਬਲਿਕ ਸਕੂਲ ਵਿੱਚ ਕਲਾਸਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਨੋਇਡਾ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਸੂਚਨਾ ਦਾ ਤੁਰੰਤ ਨੋਟਿਸ ਲੈਂਦਿਆਂ, ਪੁਲਿਸ ਬਲ ਸਕੂਲ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾ ਰਿਹਾ ਹੈ। ਹੋਰ ਜ਼ਰੂਰੀ ਉਪਾਅ ਵੀ ਕੀਤੇ ਜਾ ਰਹੇ ਹਨ।” ਪੁਲਿਸ ਨੇ ਕਿਹਾ, “ਇਹ ਇੱਕ ਪ੍ਰੈਂਕ ਹੈ, ਦਹਿਸ਼ਤ ਫੈਲਾਉਣ ਲਈ ਇੰਨੇ ਵੱਡੇ ਪੱਧਰ ‘ਤੇ ਸਾਰੇ ਸਕੂਲਾਂ ਨੂੰ ਇੱਕ ਮੇਲ ਭੇਜੀ ਗਈ ਹੈ। ਸਾਈਬਰ ਸੈੱਲ ਯੂਨਿਟ ਈਮੇਲ ਅਤੇ ਆਈਪੀ ਐਡਰੈੱਸ ਨੂੰ ਵੀ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।”
ਮਾਮਲੇ ਸਬੰਧੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਿਨੈ ਸਕਸੈਨਾ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਉਨ੍ਹਾਂ ਨੇ ਦਿੱਲੀ-NCR ਦੇ ਸਕੂਲਾਂ ‘ਚ ਬੰਬ ਦੀ ਧਮਕੀ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ। ਦਿੱਲੀ ਪੁਲਿਸ ਨੂੰ ਸਕੂਲ ਦੇ ਅਹਾਤੇ ਦੀ ਡੂੰਘਾਈ ਨਾਲ ਤਲਾਸ਼ੀ ਲੈਣ, ਦੋਸ਼ੀਆਂ ਦੀ ਪਛਾਣ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕੋਈ ਵੀ ਕੁਤਾਹੀ ਨਾ ਹੋਵੇ।