ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਹਰਿਆਣਾ ਦੇ ਬਜ਼ੁਰਗ ਆਗੂਆਂ ਨੇ ਸੁੱਖ ਦਾ ਸਾਹ ਲਿਆ ਹੈ। ਅਮਿਤ ਸ਼ਾਹ ਮੁਤਾਬਕ ਭਾਜਪਾ ਦੇ ਸੰਵਿਧਾਨ ਵਿਚ ਚੋਣ ਲੜਨ ਲਈ 75 ਸਾਲ ਦੀ ਉਮਰ ਦਾ ਕੋਈ ਜ਼ਿਕਰ ਨਹੀਂ ਹੈ, ਇਸ ਲਈ ਹਰਿਆਣਾ ਦੇ 5 ਵੱਡੇ ਨੇਤਾਵਾਂ ਲਈ ਚੋਣ ਲੜਨ ਦਾ ਰਸਤਾ ਸਾਫ਼ ਹੋ ਗਿਆ ਹੈ।

    ਸੂਬੇ ਵਿਚ 5 ਅਜਿਹੇ ਆਗੂ ਹਨ ਜੋ 70 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। ਇਨ੍ਹਾਂ ਵਿਚ 2 ਅਜਿਹੇ ਆਗੂ ਹਨ ਜੋ ਸੰਸਦ ਮੈਂਬਰ ਬਣਨ ਲਈ ਚੋਣ ਲੜਨ ਜਾ ਰਹੇ ਹਨ ਅਤੇ 3 ਵਿਧਾਇਕ ਬਣਨ ਲਈ ਚੋਣ ਲੜਨ ਜਾ ਰਹੇ ਹਨ। ਇਨ੍ਹਾਂ ਵਿਚ ਸੱਭ ਤੋਂ ਵੱਧ ਰਾਹਤ ਪੰਚਕੂਲਾ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਦਿਤੀ ਗਈ ਹੈ, ਜਿਨ੍ਹਾਂ ਦੀ ਉਮਰ ਹੁਣ 75 ਸਾਲ ਹੋ ਗਈ ਹੈ।

    ਹਾਲਾਂਕਿ ਇਸ ਸਮੇਂ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੀ ਉਮਰ ਸਿਰਫ 70 ਤੋਂ 74 ਸਾਲ ਦੇ ਵਿਚਕਾਰ ਹੈ ਪਰ ਉਨ੍ਹਾਂ ਨੂੰ 2029 ਦੀਆਂ ਚੋਣਾਂ ਲੜਨ ‘ਚ ਕੋਈ ਦਿੱਕਤ ਨਹੀਂ ਆਵੇਗੀ। ਦਰਅਸਲ, ਅਮਿਤ ਸ਼ਾਹ ਨੇ ਹਾਲ ਹੀ ‘ਚ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਭਾਜਪਾ ਦੇ ਸੰਵਿਧਾਨ ‘ਚ 75 ਸਾਲ ਦੀ ਉਮਰ ਦੀ ਕੋਈ ਸੀਮਾ ਨਹੀਂ ਹੈ। ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ 5 ਸਾਲਾਂ ਤਕ ਪ੍ਰਧਾਨ ਮੰਤਰੀ ਬਣੇ ਰਹਿਣਗੇ।

    ਸ਼ਾਹ ਦੇ ਇਸ ਬਿਆਨ ਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਨੂੰ ਨਵੀਂ ਤਾਕਤ ਦਿਤੀ ਹੈ। ਇਸ ਤੋਂ ਪਹਿਲਾਂ ਵੀ ਪਿਛਲੇ 10 ਸਾਲਾਂ ਵਿਚ ਭਾਜਪਾ ਦੇ ਕਈ ਵੱਡੇ ਚਿਹਰਿਆਂ ਨੂੰ ਸਰਗਰਮ ਸਿਆਸਤ ਤੋਂ ਹਟਾ ਕੇ 75 ਸਾਲ ਦੀ ਉਮਰ ਹੱਦ ਦਾ ਹਵਾਲਾ ਦੇ ਕੇ ਰਾਜਪਾਲ ਬਣਾਇਆ ਗਿਆ ਸੀ। ਸਪੀਕਰ ਗਿਆਨ ਚੰਦ ਗੁਪਤਾ ਹਰਿਆਣਾ ਭਾਜਪਾ ਵਿਚ ਸੱਭ ਤੋਂ ਵੱਡੇ ਹਨ। ਉਹ 75 ਸਾਲ ਦੀ ਸੀਮਾ ਪਾਰ ਕਰ ਚੁੱਕੇ ਹਨ। ਉਨ੍ਹਾਂ ਦੇ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਨੂੰ ਲੈ ਕੇ ਕਾਫੀ ਅਟਕਲਾਂ ਚੱਲ ਰਹੀਆਂ ਸਨ। ਭਾਵੇਂ ਗਿਆਨ ਚੰਦਰ ਗੁਪਤਾ ਆਪ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਰੁੱਝੇ ਹੋਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ 75 ਸਾਲ ਦੀ ਉਮਰ ਦੀ ਹੱਦ ਉਨ੍ਹਾਂ ਨੂੰ ਅੰਦਰੋਂ ਡਰਾ ਰਹੀ ਸੀ।

    ਹੁਣ ਉਨ੍ਹਾਂ ਨੂੰ ਅਮਿਤ ਸ਼ਾਹ ਦੇ ਬਿਆਨ ਤੋਂ ਰਾਹਤ ਮਿਲੀ ਹੈ। ਉਦਾਹਰਣ ਵਜੋਂ ਗਿਆਨ ਚੰਦ ਗੁਪਤਾ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਕੋਈ ਉਮਰ ਸੀਮਾ ਨਹੀਂ ਹੋਵੇਗੀ। ਸ਼ਾਹ ਦੇ ਬਿਆਨ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੀਨੀਅਰ ਭਾਜਪਾ ਨੇਤਾਵਾਂ ਵਿਚ ਕੇਂਦਰੀ ਮੰਤਰੀ ਅਤੇ ਗੁਰੂਗ੍ਰਾਮ ਦੇ ਸੰਸਦ ਮੈਂਬਰ ਰਾਓ ਇੰਦਰਜੀਤ ਵੀ 74 ਸਾਲ ਦੇ ਹੋ ਗਏ ਹਨ। ਭਾਜਪਾ ਨੇ ਇਸ ਵਾਰ ਵੀ ਉਨ੍ਹਾਂ ਨੂੰ ਲੋਕ ਸਭਾ ਟਿਕਟ ਦਿਤੀ ਹੈ। ਅਗਲੀਆਂ ਚੋਣਾਂ ਯਾਨੀ 2029 ਵਿਚ ਉਹ 79 ਸਾਲ ਦੇ ਹੋ ਜਾਣਗੇ। ਰਾਓ ਤੋਂ ਬਾਅਦ ਸਾਬਕਾ ਮੰਤਰੀ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਾਮ ਬਿਲਾਸ ਸ਼ਰਮਾ 73 ਸਾਲ ਦੇ ਹੋ ਗਏ ਹਨ।

    ਰਾਮਬਿਲਾਸ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਪਰ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਹਨ। ਹੋਰ ਨੇਤਾਵਾਂ ਵਿਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਸ਼ਾਮਲ ਹਨ ਜੋ 71 ਸਾਲ ਦੇ ਹੋ ਗਏ ਹਨ। ਵਿਜ ਇਸ ਵਾਰ ਵੀ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਸੀਨੀਅਰ ਨੇਤਾਵਾਂ ਵਿਚ ਸੱਭ ਤੋਂ ਛੋਟੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਨ, ਜੋ 70 ਨੂੰ ਪਾਰ ਕਰ ਚੁੱਕੇ ਹਨ। ਖੱਟਰ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਹਨ ਅਤੇ ਅਗਲੇ 5 ਸਾਲਾਂ ਤਕ ਸਰਗਰਮ ਰਾਜਨੀਤੀ ਵਿਚ ਰਹਿਣਗੇ।