ਦੱਖਣ-ਪਛਮੀ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਦੇਸ਼ ਦੇ ਪੂਰਬ ਤੋਂ ਪਛਮ ਤੇ ਉਤਰ ਤੋਂ ਦਖਣ ਤਕ ਸਾਰੇ ਖੇਤਰਾਂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਤੇ ਆਸ-ਪਾਸ ਦੇ ਖੇਤਰਾਂ ਦੇ ਨਾਲ-ਨਾਲ ਉਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿਚ ਸਨਿਚਰਵਾਰ ਨੂੰ ਮੀਂਹ ਪਿਆ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਸਖ਼ਤ ਗਰਮੀ ਤੋਂ ਰਾਹਤ ਮਿਲੀ, ਸਗੋਂ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਉਂਝ ਤਾਂ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਆਸਾਮ ਨੂੰ ਹੁਣ ਥੋੜ੍ਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਅਤੇ ਕਈ ਜ਼ਿਲ੍ਹਿਆਂ ’ਚ ਹੜ੍ਹ ਦਾ ਪਾਣੀ ਘਟ ਰਿਹਾ ਹੈ ਪਰ ਮੁੰਬਈ ਅਤੇ ਦੱਖਣੀ ਰਾਜ ਕੇਰਲ ’ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਅੱਠ ਰਾਜਾਂ ਵਿਚ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ। ਨਾਲ ਹੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਸਾਰੇ ਰਾਜਾਂ ਅਤੇ ਚਾਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਅਗਲੇ ਪੰਜ ਦਿਨਾਂ ਤਕ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਭਾਰਤ ਮੌਸਮ ਵਿਭਾਗ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਪੂਰਬੀ ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ, ਪੂਰਬੀ ਅਤੇ ਪਛਮੀ ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਅਰੁਣਾਚਲ, ਉਪ-ਹਿਮਾਲੀਅਨ ਪਛਮੀ ਬੰਗਾਲ ਤੇ ਸਿੱਕਮ ’ਚ ਭਾਰੀ ਮੀਂਹ ਪਿਆ। ਇਸ ਦੌਰਾਨ ਛੱਤੀਸਗੜ੍ਹ, ਗੁਜਰਾਤ ਖੇਤਰ, ਤਾਮਿਲਨਾਡੂ ਤੇ ਤੱਟਵਰਤੀ ਆਂਧਰਾ ਪ੍ਰਦੇਸ਼ ’ਚ ਬਹੁਤ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਹੀ ਅਸਾਮ, ਮੇਘਾਲਿਆ, ਪਛਮੀ ਬੰਗਾਲ ਦੇ ਗੰਗਾ ਕਿਨਾਰੇ, ਝਾਰਖੰਡ, ਉੜੀਸਾ ਅਤੇ ਪਛਮੀ ਉਤਰ ਪ੍ਰਦੇਸ਼ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਦਿੱਲੀ-ਐਨਸੀਆਰ ਦੇ ਕੁਝ ਖੇਤਰਾਂ ਵਿਚ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਕੇਰਲ ਦੇ ਤਿੰਨ ਜ਼ਿਲ੍ਹਿਆਂ ਕੋਜ਼ੀਕੋਡ, ਕੰਨੂਰ ਅਤੇ ਕਾਸਰਗੋਡ ’ਚ ਭਾਰੀ ਮੀਂਹ ਕਾਰਨ ਹੋਰ ਜ਼ਿਲ੍ਹਿਆਂ ਲਈ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਸੀ। ਅਸਾਮ ਵਿਚ ਹੜ੍ਹ ਦੀ ਸਥਿਤੀ ਤੇਜ਼ੀ ਨਾਲ ਸੁਧਰ ਰਹੀ ਹੈ ਪਰ 20 ਜ਼ਿਲ੍ਹਿਆਂ ਵਿਚ 8.4 ਲੱਖ ਲੋਕ ਅਜੇ ਵੀ ਪੀੜਤ ਹਨ। ਪਹਿਲੇ 30 ਜ਼ਿਲ੍ਹਿਆਂ ਵਿਚ 24 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਤ ਹੋਏ ਸਨ।
ਮੀਂਹ ਕਾਰਨ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ 12 ਸੜਕਾਂ ਨੂੰ ਆਵਾਜਾਈ ਲਈ ਬੰਦ ਕਰਨਾ ਪਿਆ। ਧਰਮਸ਼ਾਲਾ, ਕਾਂਗੜਾ, ਮਨਾਲੀ ਅਤੇ ਸ਼ਿਮਲਾ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਸ਼ੁਕਰਵਾਰ ਸ਼ਾਮ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਦੌਰਾਨ ਬੈਜਨਾਥ ’ਚ ਸੱਭ ਤੋਂ ਵੱਧ 32 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। 16 ਅਤੇ 17 ਜੁਲਾਈ ਨੂੰ ਰਾਜ ਦੇ ਬਹੁਤੇ ਹਿੱਸਿਆਂ ਵਿਚ ਗਰਜ-ਤੂਫ਼ਾਨ ਅਤੇ ਤੇਜ਼ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।