ਲੁਧਿਆਣਾ ‘ਚ ਬੀਤੀ ਰਾਤ ਸੜਕ ਹਾਦਸੇ ‘ਚ ਬਾਈਕ ਸਵਾਰ ਵਿਅਕਤੀ ਦੀ ਮੌਤ ਹੋ ਗਈ। ਬਾਈਕ ਸਵਾਰ ਸਾਹਨੇਵਾਲ ਤੋਂ ਕੂੰਮਕਲਾਂ ਰਾਹੀਂ ਮਾਛੀਵਾੜਾ ਵੱਲ ਆਪਣੇ ਘਰ ਜਾ ਰਿਹਾ ਸੀ। ਰੋਡ ‘ਤੇ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਲੋਕਾਂ ਨੇ ਉਸ ਨੂੰ ਖੂਨ ਨਾਲ ਲੱਥਪੱਥ ਸਿਵਲ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਤੁਰੰਤ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮ੍ਰਿਤਕ ਦੀ ਪਛਾਣ ਜਸਦੇਵ ਸਿੰਘ (55) ਵਜੋਂ ਹੋਈ ਹੈ। ਮ੍ਰਿਤਕ ਦੀ ਬੇਟੀ ਕੈਨੇਡਾ ‘ਚ ਪੜ੍ਹਦੀ ਹੈ, ਜਦਕਿ ਬੇਟਾ ਫਿਲਹਾਲ ਲੁਧਿਆਣਾ ‘ਚ ਪੜ੍ਹਦਾ ਹੈ। ਫਿਲਹਾਲ ਥਾਣਾ ਕੂੰਮਕਲਾਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸਦੇਵ ਸਿੰਘ ਢੰਡਾਰੀ ਕਲਾਂ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਬੁੱਧਵਾਰ ਰਾਤ ਕਰੀਬ 9 ਵਜੇ ਫੈਕਟਰੀ ਤੋਂ ਛੁੱਟੀ ਕਰਕੇ ਆਪਣੇ ਸਾਈਕਲ ‘ਤੇ ਘਰ ਪਰਤ ਰਿਹਾ ਸੀ। ਜਿੱਥੇ ਰਸਤੇ ‘ਚ ਪਿੰਡ ਰਈਆ ਨੇੜੇ ਉਸ ਨੂੰ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੂੰਮਕਲਾਂ ਦੇ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।