ਜਲੰਧਰ  (ਵਿੱਕੀ ਸੂਰੀ):-  ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾਂ ਗੁਰਿਆਈ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਦਿਵਸ ਨੂੰ ਸਮਰਪਿਤ ਮਨਾਏ ਜਾ ਰਹੇ ਸਿੱਖੀ ਦੇ ਧੁਰੇ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਤੋਂ ਘੇਸਲ ਵੱਟ ਕੇ ਜਿੱਥੇ ਬੇਗਾਨਗੀ ਦਾ ਸੰਗਤਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਉੱਥੇ ਹੋਣ ਵਾਲੇ ਪੁਖਤਾ ਪ੍ਰਬੰਧਾਂ ਨੂੰ ਨਾ ਕਰਕੇ ਸਰਕਾਰ ਆਪਣੀ ਨੈਤਿਕ ਜਿੰਮੇਵਾਰੀ ਤੋਂ ਭੱਜ ਰਹੀ ਹੈ।ਇਹ ਵਿਚਾਰ ਅੱਜ ਸਰਬ ਧਰਮ ਵੈਲਫੇਅਰ ਸੇਵਾ ਸੋਸਾਇਟੀ (ਰਜਿ.) ਲੰਮਾ ਪਿੰਡ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਤੇ ਸਰਪ੍ਰਸਤ ਸੰਤ ਬਾਬਾ ਜਸਵਿੰਦਰ ਸਿੰਘ ਜੀ ਬਸ਼ੀਰਪੁਰੇ ਵਾਲਿਆਂ ਨੇ ਆਪਣੇ ਸਾਥੀਆਂ ਸਮੇਤ ਪ੍ਰੈੱਸ ਦੇ ਨਾਂਅ ਲਿਖਤੀ ਬਿਆਨ ਜਾਰੀ ਕਰਦਿਆਂ ਕਹੇ।ਸ. ਰਾਣਾ ਨੇ ਕਿਹਾ ਕਿ ਇਹਨਾਂ ਸ਼ਤਾਬਦੀਆਂ ਤੋਂ ਪਹਿਲਾਂ ਹਰ ਸਰਕਾਰ ਨੇ ਆਪਣੀਆਂ ਜਿੰਮੇਵਾਰੀਆਂ ਪੂਰੇ ਪੁਖਤਾ ਪ੍ਰਬੰਧਾਂ ਨਾਲ ਸ਼ਾਨਦਾਰ ਤਰੀਕੇ ਨਾਲ ਨਿਭਾਈਆਂ ਸਨ।ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ 350 ਸਾਲਾਂ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਾਗਮਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਹਰ ਤਰ੍ਹਾਂ ਸੰਗਤਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਸਨ।ਜਿੱਥੇ ਸੰਗਤਾਂ ਦੀ ਆਮਦ ਨੂੰ ਲੈ ਕੇ ਰੈਣ ਬਸੇਰੇ ਲਈ ਆਰਜੀ ਪ੍ਰਬੰਧ, ਵਾਟਰ ਸਪਲਾਈ, ਸੀਵਰੇਜ ਤੇ ਸਫਾਈ ਦੇ ਨਾਲ ਨਾਲ ਸੰਗਤਾਂ ਲਈ ਫਰੀ ਬੱਸਾਂ ਤੇ ਵਹੀਕਲਾਂ ਦੇ ਪ੍ਰਬੰਧ ਵੀ ਕੀਤੇ ਸਨ।

    ਰਾਣਾ ਨੇ ਕਿਹਾ ਕਿ ਕੱਲ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜਲੰਧਰ ਤੋਂ ਸਜਾਏ ਸ਼ਤਾਬਦੀ ਸਮਾਗਮਾਂ ਸਬੰਧੀ ਵਹੀਰ ਨਗਰ ਕੀਰਤਨ ਦੀ ਸਮਾਪਤੀ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਈ ਤਾਂ ਪ੍ਰਬੰਧਾਂ ਨੂੰ ਲੈ ਕੇ ਵੱਡੀ ਨਿਰਾਸ਼ਾ ਦੇਖਣ ਨੂੰ ਮਿਲੀ।ਪ੍ਰਸ਼ਾਸਨ ਵੱਲੋਂ ਟਰੈਫਿਕ ਦੀ ਵਿਵਸਥਾ ਨਾ ਹੋਣ ਕਾਰਨ ਸੰਗਤਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ।ਰਾਣਾ ਨੇ ਕਿਹਾ ਕਿ ਇਹਨਾਂ ਸ਼ਤਾਬਦੀ ਸਮਾਗਮਾਂ ਪ੍ਰਤੀ ਸਰਕਾਰ ਵੱਲੋਂ ਨਾ ਸੜਕਾਂ ਦੀ ਹਾਲਤ ਸੁਧਾਰੀ, ਨਾ ਸਫਾਈ ਤੇ ਨਾ ਵਾਟਰ ਸਪਲਾਈ ਦੇ ਪ੍ਰਬੰਧ, ਨਾ ਪਾਰਕਿੰਗ, ਨਾ ਰੈਣ ਬਸੇਰਾ ਸੰਗਤਾਂ ਲਈ ਕੋਈ ਸਾਰਗਰ ਕਦਮ ਉਠਾਏ ਗਏ।ਰਾਣਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਰਿਹਾਇਸ਼ ਲਈ, ਲੰਗਰ ਲਈ ਤੇ ਮੈਡੀਕਲ ਸਹੂਲਤਾਂ ਲਈ ਪ੍ਰਬੰਧ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ।ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਇਹਨਾਂ ਸਮਾਗਮਾਂ ‘ਚ ਸ਼ਿਰਕਤ ਕਰਨਗੀਆਂ, ਜਿੱਥੇ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਪੂਰਾ ਹਫਤਾ ਭਰ ਚੱਲਣਗੇ।ਇਸ ਮੌਕੇ ਅਵਤਾਰ ਸਿੰਘ ਘੁੰਮਣ, ਹਰਿੰਦਰ ਸਿੰਘ ਢੀਂਡਸਾ, ਜਗਜੀਤ ਸਿੰਘ ਖਾਲਸਾ, ਸੁਰਿੰਦਰ ਸਿੰਘ ਰਾਜ, ਮੇਜਰ ਸਿੰਘ ਕਾਹਲੋਂ, ਮਹਿੰਦਰ ਸਿੰਘ ਜੰਬਾ, ਜਗਜੀਤ ਸਿੰਘ ਮਾਈ ਕੈਫੇ, ਫੁੰਮਣ ਸਿੰਘ, ਅਵਤਾਰ ਸਿੰਘ ਜੱਜ, ਪ੍ਰਦੀਪ ਸਿੰਘ, ਲਾਲ ਚੰਦ, ਸੰਦੀਪ ਸਿੰਘ ਫੁੱਲ, ਬਲਵੀਰ ਸਿੰਘ ਬੀਰਾ, ਬਲਦੇਵ ਸਿੰਘ, ਹਰਭਜਨ ਸਿੰਘ ਆਦਿ ਸ਼ਾਮਿਲ ਸਨ।