ਫਗਵਾੜਾ 5 ਨਵੰਬਰ ( ਵਿਕਾਸ ) :- ਕਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਹਿੰਦੂ ਸਭਾ ਮੰਦਿਰ ‘ਚ ਖਾਲਿਸਤਾਨੀ ਅਨਸਰਾਂ ਵੱਲੋਂ ਸ਼ਰਧਾਲੂਆਂ ’ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਅਤੇ ਸੀਨੀਅਰ ਆਗੂ ਬਲਜੀਤ ਸਿੰਘ ਭੁੱਲਾਰਾਈ ਨੇ ਕਿਹਾ ਕਿ ਇਸ ਘਟਨਾ ਨੇ ਦੁਨੀਆਂ ਭਰ ਦੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਹੀ ਠੇਸ ਨਹੀਂ ਪਹੁੰਚਾਈ ਬਲਕਿ ਇਹ ਕੋਝੀ ਹਰਕਤ ਸਿੱਖਾਂ ਦੇ ਅਕਸ ਨੂੰ ਵੀ ਢਾਹ ਲਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਂਨੀ ਘੱਟ ਹੈ। ਉਹਨਾਂ ਪੁੱਛਿਆ, ਕੀ ਖਾਲਿਸਤਾਨੀ ਦੁਨੀਆ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਪੰਜਾਬ ਦੇ ਗੈਰ-ਸਿੱਖਾਂ ਨੂੰ ਅਜਿਹੀ ਦਹਿਸ਼ਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ? ਸ਼ਿਵ ਸੈਨਾ ਆਗੂਆਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਦੇਸ਼ ਨੂੰ ਪਾਕਿਸਤਾਨ ਵਾਂਗ ਨਿਘਾਰ ਵੱਲ ਲੈ ਜਾਣਗੀਆਂ। ਕੈਨੇਡਾ ਵਰਗੇ ਸ਼ਾਂਤੀ ਪਸੰਦ ਦੇਸ਼ ਵਿੱਚ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਮਾਨਸਿਕਤਾ ਵਾਲੇ ਚਰਮ ਪੰਥੀਆਂ ਨੂੰ ਸਿਰਫ਼ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਜਿਹੀ ਆਜ਼ਾਦੀ ਨਹੀਂ ਦਿੱਤੀ ਜਾਣੀ ਚਾਹੀਦੀ ਕਿ ਭਵਿੱਖ ਵਿੱਚ ਉਹ ਕੈਨੇਡਾ ਲਈ ਖ਼ਤਰਾ ਸਾਬਤ ਹੋ ਜਾਣ।

    ਕਮਲ ਸਰੋਜ ਨੇ ਜਿੱਥੇ ਕੈਨੇਡੀਅਨ ਸਰਕਾਰ ਤੋਂ ਹਿੰਦੂ ਮੰਦਰ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ, ਉੱਥੇ ਹੀ ਉਨ੍ਹਾਂ ਨੇ ਭਾਰਤ ਸਰਕਾਰ ਤੋਂ ਇਨ੍ਹਾਂ ਹਮਲਾਵਰਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਦੇ ਨਾਂ ਬਲੈਕਲਿਸਟ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਘਿਨਾਉਣੀ ਘਟਨਾ ’ਤੇ ਚੁੱਪ ਕਿਉਂ ਧਾਰੀ ਬੈਠੇ ਹਨ। ਕੀ ਇਹਨਾਂ ਅਨਸਰਾਂ ਨੂੰ ਜਥੇਦਾਰਾਂ ਦੀ ਖਾਮੋਸ਼ ਹਮਾਇਤ ਹੈ? ਬਲਜੀਤ ਸਿੰਘ ਭੁੱਲਾਰਾਈ ਨੇ ਭਾਰਤ ਸਮੇਤ ਦੁਨੀਆ ਭਰ ਦੀ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਹਿੰਦੂ ਮੰਦਰ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਨ ਤਾਂ ਜੋ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਕੁਝ ਖਾਲਿਸਤਾਨੀਆਂ ਦੇ ਟੋਲੇ ਕਦੇ ਵੀ ਆਪਣੀ ਸਾਜ਼ਿਸ਼ ਵਿਚ ਕਾਮਯਾਬ ਨਾ ਹੋ ਸਕਣ।