ਕੈਨੇਡੀਅਨ ਪੁਲਿਸ ਨੇ ਡਾਕੇ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਨਾਲ ਹੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਹਨ। ਯਾਰਕ ਰੀਜ਼ਨਲ ਪੁਲਿਸ ਨੇ ਗ੍ਰੇਟਰ ਟੋਰਾਂਟੋ ਏਰੀਆ ਦੇ ਘਰਾਂ ਵਿਚ ਡਾਕੇ ਮਾਰਨ, ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਨਸ਼ਾ ਤਸਕਰੀ ਲਈ ਜ਼ਿੰਮੇਵਾਰ ਇਕ ਵੱਡੇ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ 17 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀਲ ਰੀਜ਼ਨਲ ਪੁਲਿਸ ਅਤੇ ਟੋਰਾਂਟੋ ਪੁਲਿਸ ਦੀ ਸਹਾਇਤਾ ਨਾਲ ‘ਪ੍ਰੋਜੈਕਟ ਸਕਾਈਫ਼ਾਲ’ ਅਧੀਨ ਕੀਤੀ ਗਈ ਕਾਰਵਾਈ ਦੌਰਾਨ 14 ਮਿਲੀਅਨ ਡਾਲਰ ਦੇ ਨਸ਼ੇ ਬਰਾਮਦ ਕੀਤੇ ਗਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਯਾਰਕ ਰੀਜ਼ਨਲ ਪੁਲਿਸ ਦੇ ਉਪ ਮੁਖੀ ਐਲਵੈਰੋ ਅਲਮੇਡਾ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਸ਼ੱਕੀਆਂ ਵਿਚੋਂ ਛੇ ਕਿਸੇ ਨਾ ਕਿਸੇ ਹੋਰ ਮਾਮਲੇ ਵਿਚ ਜ਼ਮਾਨਤ ’ਤੇ ਚੱਲ ਰਹੇ ਸਨ। ਪ੍ਰੋਜੈਕਟ ਸਕਾਈਫ਼ਾਲ ਅਧੀਨ 48 ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਗਈ ਅਤੇ ਕੋਕੀਨ, ਮੈਥਮਫੈਟਾਮਿਨ ਵਰਗੇ ਨਸ਼ਿਆਂ ਤੋਂ ਇਲਾਵਾ ਦੋ ਹੈਂਡਗੰਨਜ਼ ਅਤੇ ਇਕ ਸ਼ੌਟਗੰਨ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤੇ 17 ਸ਼ੱਕੀਆਂ ਵਿਰੁਧ 83 ਦੋਸ਼ ਆਇਦ ਕੀਤੇ ਗਏ ਹਨ।