ਪੰਜਾਬ ਦੇ ਜਲੰਧਰ ਦੇ ਗੁਰਾਇਆ ਨੇੜੇ ਇਕ ਕਾਰ ਦਾ ਟਾਇਰ ਫਟਣ ਕਾਰਨ ਹਾਦਸਾ ਹੋ ਗਿਆ। ਘਟਨਾ ਸਮੇਂ ਕਾਰ ਵਿਚ ਇਕੋ ਪਰਵਾਰ ਦੇ ਪੰਜ ਮੈਂਬਰ ਸਵਾਰ ਸਨ। ਇਹ ਸਾਰੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਇਕ ਔਰਤ ਦੀ ਹਾਲਤ ਗੰਭੀਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀਆਂ ਟੀਮਾਂ ਦੋ ਮਿੰਟਾਂ ਦੇ ਅੰਦਰ-ਅੰਦਰ ਮੌਕੇ ‘ਤੇ ਪਹੁੰਚ ਗਈਆਂ। ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਗੋਰਾਈਆ ਪੁਲਿਸ ਨੂੰ ਵੀ ਦਿਤੀ ਗਈ।
ਜ਼ਖ਼ਮੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਗੁਰਚਰਨ ਸਿੰਘ, ਕਮਲ ਅਰੋੜਾ ਪਤਨੀ ਅਮਰੀਕ ਸਿੰਘ, ਫ਼ਤਿਹ ਪੁੱਤਰ ਅਮਰੀਕ ਸਿੰਘ, ਪੁਸ਼ਪਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਯਮੁਨਾ ਨਗਰ ਅਤੇ ਅੰਮ੍ਰਿਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਰੁੜਕੀ ਵਜੋਂ ਹੋਈ ਹੈ। ਜਿਸ ਵਿਚ ਕਮਲ ਅਰੋੜਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੌਕੇ ‘ਤੇ ਪਹੁੰਚੇ ਰੋਡ ਸੇਫ਼ਟੀ ਫ਼ੋਰਸ ਦੇ ਅਧਿਕਾਰੀ ਏ.ਐਸ.ਆਈ ਸਰਬਜੀਤ ਸਿੰਘ ਨੇ ਦਸਿਆ ਕਿ ਇਹ ਸੜਕ ਹਾਦਸਾ ਗੁਰਾਇਆ ਰਾਸ਼ਟਰੀ ਰਾਜਮਾਰਗ ‘ਤੇ ਟਾਇਰ ਫਟਣ ਕਾਰਨ ਵਾਪਰਿਆ। ਕਾਰ ਵਿਚ ਇਕੋ ਪਰਵਾਰ ਦੇ ਪੰਜ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਹੈ।
ਰੋਡ ਸੇਫ਼ਟੀ ਫ਼ੋਰਸ ਦੇ ਏਐਸਆਈ ਸਰਬਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਅੰਮ੍ਰਿਤਸਰ ਤੋਂ ਯਮੁਨਾਨਗਰ ਜਾ ਰਿਹਾ ਸੀ। ਜਦੋਂ ਗੱਡੀ ਗੁਰਾਇਆ ਬੱਸ ਸਟੈਂਡ ਓਵਰਬ੍ਰਿਜ ਦੇ ਨੇੜੇ ਪਹੁੰਚੀ ਤਾਂ ਗੱਡੀ ਦਾ ਕੰਡਕਟਰ ਸੀਟ ਵਾਲਾ ਟਾਇਰ ਫਟ ਗਿਆ। ਇਸ ਦੌਰਾਨ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਨੇ ਸਮੇਂ ਸਿਰ ਗੱਡੀ ਨੂੰ ਕਾਬੂ ਕਰ ਲਿਆ। ਪਰ ਹਾਦਸਾ ਇਸ ਤੋਂ ਵੀ ਵੱਡਾ ਹੋ ਸਕਦਾ ਸੀ। ਜ਼ਖ਼ਮੀਆਂ ਨੂੰ ਐਸ.ਐਸ.ਐਫ਼ ਟੀਮ ਨੇ ਖ਼ੁਦ ਹਸਪਤਾਲ ਪਹੁੰਚਾਇਆ।