ਤਰਨਤਾਰਨ : ਪਿੰਡ ਢੋਲਣ ਵਿਖੇ 50 ਵਿਅਕਤੀ ਨੂੰ ਕਥਿਤ ਤੌਰ ’ਤੇ ਰੁੱਖ ਨਾਲ ਬੰਨ੍ਹ ਕੇ ਉਸਦੀ ਕੁੱਟਮਾਰ ਕਰਨ, ਦਸਤਾਰ ਲਾਹੁਣ ਅਤੇ ਸਿਰ ਤੇ ਮੂੰਹ ਉੱਪਪਰ ਕਾਲਾ ਤੇਲ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਵਲਟੋਹਾ ਦੀ ਪੁਲਿਸ ਨੇ ਦੋ ਔਰਤਾਂ ਸਣੇ ਅੱਧਾ ਦਰਜਨ ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਸਵੰਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਢੋਲਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਰਜਿੰਦਰ ਕੌਰ ਨਾਮਕ ਔਰਤ ਕੋਲੋਂ ਉਧਾਰ ਦਿੱਤੇ ਪੈਸੇ ਲੈਣ ਲਈ ਗਿਆ ਤਾਂ ਬਲਕਾਰ ਸਿੰਘ ਪੁੱਤਰ ਸ਼ਿੰਗਾਰ ਸਿੰਘ, ਉਸਦੀ ਲੜਕੀ ਪ੍ਰਵਨੀ ਕੌਰ, ਪਤਨੀ ਮਨਜੀਤ ਕੌਰ ਤੋਂ ਇਲਾਵਾ ਸੁਖਰਾਜ ਸਿੰਘ ਅਤੇ ਦੋ ਅਣਪਛਾਤਿਆਂ ਨੇ ਉਸਦੀ ਕੁੱਟਮਾਰ ਕੀਤੀ ਤੇ ਜਾਮਨ ਦੇ ਰੁੱਖ ਨਾਲ ਬੰਨ੍ਹ ਲਿਆ। ਮਨਜੀਤ ਕੌਰ ਅਤੇ ਪ੍ਰਵੀਨ ਕੌਰ ਨੇ ਉਸਦੇ ਮੂੰਹ ਅਤੇ ਸਿਰ ਵਿਚ ਕਾਲਾ ਤੇਲ ਪਾਇਆ ਤੇ ਉਸਦੀ ਦਸਤਾਰ ਲਾਹ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਦੇ ਬਿਆਨਾਂ ’ਤੇ ਉਕਤ ਸਾਰੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।