ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਵਿਚ ਇਕ ਆਰਡੀਨੈਂਸ ਫ਼ੈਕਟਰੀ ਵਿਚ ਇਕ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ 5 ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, ਕਈ ਹੋਰ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਧਮਾਕਾ  ਫ਼ੈਕਟਰੀ ਦੇ ਆਰ.ਕੇ ਬ੍ਰਾਂਚ ਸੈਕਸ਼ਨ ਵਿਚ ਹੋਇਆ।ਫ਼ੈਕਟਰੀ ਵਿਚ ਹੋਏ ਧਮਾਕੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਹਥਿਆਰ ਬਣਾਉਣ ਲਈ ਵਰਤੀ ਜਾਣ ਵਾਲੀ ਭਾਰੀ ਸਮੱਗਰੀ ਦੇ ਟੁਕੜੇ ਇਧਰ-ਉਧਰ ਖਿੰਡੇ ਹੋਏ ਹਨ। ਧਮਾਕੇ ਤੋਂ ਬਾਅਦ, ਕਾਲਾ ਧੂੰਆਂ ਅਸਮਾਨ ਵਿਚ ਦੂਰ ਤਕ ਉੱਠਦਾ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਦਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਬਾਅਦ ਫ਼ੈਕਟਰੀ ਵਿਚ ਅੱਗ ਲੱਗ ਗਈ, ਜਿਸ ਵਿਚ ਕਈ ਲੋਕਾਂ ਦੇ ਪ੍ਰਭਾਵਤ ਹੋਏ ਹਨ ਤੇ ਕਈਆਂ ਦੇ ਫਸੇ ਹੋਣ ਦਾ ਖਦਸ਼ਾ ਹੈ।

    ਮੌਕੇ ‘ਤੇ ਮੌਜੂਦ ਹਨ ਪੁਲਿਸ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ ਅਤੇ ਲੋਕ ਇਧਰ-ਉਧਰ ਭੱਜ ਕੇ ਕਿਸੇ ਸੁਰੱਖਿਅਤ ਸਥਾਨ ’ਤੇ ਜਾਣ ਲੱਗੇ। ਮੌਕੇ ‘ਤੇ ਸਥਾਨਕ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਹੈ, ਜੋ ਲੋਕਾਂ ਨੂੰ ਬਚਾਉਣ ਵਿਚ ਮਦਦ ਕਰ ਰਹੇ ਹੈ।

    ਜ਼ਿਕਰਯੋਗ ਹੈ ਕਿ ਇਸ ਫ਼ੈਕਟਰੀ ਵਿਚ ਹਥਿਆਰ ਬਣਦੇ ਹਨ ਜਿਸ ਕਾਰਨ ਅੱਗ ਇੰਨੀ ਜਲਦੀ ਫੈਲ ਗਈ।