Skip to content
ਫਾਜ਼ਿਲਕਾ ਦੇ ਪਿੰਡ ਪਾਕਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਖੇਤ ਵਿਚ ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਗੋਲ਼ੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਤੇ ਹਮਲਾਵਰ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਰਵਾਈ ਜਾਰੀ ਹੈ।
ਮਿ੍ਤਕਾਂ ਦੀ ਪਹਿਚਾਣ ਅਤਵਾਰ ਸਿੰਘ (58) ਤੇ ਉਸ ਦੇ ਪੁੱਤਰ ਬੇਟਾ ਹਰਮੀਤ ਸਿੰਘ (28) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਕਾਰਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਭਰਾ ਅਵਤਾਰ ਸਿੰਘ ਨੇ ਪਿੰਡ ਵਿਚ ਹੀ ਤਕਰੀਬਨ 8 ਏਕੜ ਜ਼ਮੀਨ ਠੇਕੇ ‘ਤੇ ਲਈ ਸੀ। ਜਿਹੜੀ ਜ਼ਮੀਨ ਠੇਕੇ ‘ਤੇ ਲਈ ਸੀ, ਉਸ ਜ਼ਮੀਨ ‘ਤੇ ਪਹਿਲਾਂ ਠੇਕੇ ‘ਤੇ ਲੈ ਕੇ ਖੇਤੀ ਕਰਨ ਵਾਲੇ ਮੁਲਜ਼ਮ ਉਨ੍ਹਾਂ ਤੋਂ ਰੰਜਿਸ਼ ਰੱਖਦੇ ਸਨ।ਉਸ ਨੇ ਦੱਸਿਆ ਕਿ ਉਸ ਦਾ ਭਰਾ ਅਵਤਾਰ ਸਿੰਘ ਅਤੇ ਭਤੀਜਾ ਹਰਮੀਤ ਸਿੰਘ ਖੇਤਾਂ ਵਿਚ ਪਾਣੀ ਦੀ ਵਾਰੀ ਲਗਾ ਰਹੇ ਸਨ। ਇੰਨੇ ਨੂੰ ਉਕਤ ਮੁਲਜ਼ਮ ਮੌਕੇ ‘ਤੇ ਆਏ ਅਤੇ ਪਹਿਲਾਂ ਉਸ ਦੇ ਭਤੀਜੇ ਹਰਮੀਤ ਸਿੰਘ ਨੂੰ ਰਿਵਾਲਵਰ ਨਾਲ ਗੋਲ਼ੀ ਮਾਰ ਦਿੱਤੀ ਅਤੇ ਉਸ ਮਗਰੋਂ ਉਸ ਦੇ ਭਰਾ ਅਵਤਾਰ ਸਿੰਘ ਨੂੰ ਵੀ ਗੋਲ਼ੀਆਂ ਮਾਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਪਹਿਲਾਂ ਉਕਤ ਦੋਸ਼ੀ ਪਲਵਿੰਦਰ ਸਿੰਘ, ਰਘਬੀਰ ਸਿੰਘ, ਬਲਬੀਰ ਸਿੰਘ ਪੁੱਤਰਾਨ ਜੋਗਿੰਦਰ ਸਿੰਘ ਵਾਸੀ ਪਾਕਾ ਇਹ ਜ਼ਮੀਨ ਵਾਹੁੰਦੇ ਸਨ ਪਰ ਹੁਣ ਦੋ ਸਾਲਾਂ ਤੋਂ ਮੇਰਾ ਭਰਾ ਅਵਤਾਰ ਸਿੰਘ ਠੇਕੇ ਲੈ ਕੇ ਵਾਹੀ ਕਰ ਰਿਹਾ ਸੀ। ਇਸੇ ਗੱਲ ਦੀ ਇਹ ਲੋਕ ਰੰਜਿਸ਼ ਰੱਖਦੇ ਸਨ। ਜਿਸ ਦੇ ਚਲਦਿਆਂ ਉਨ੍ਹਾਂ ਇਨ੍ਹਾਂ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੇਰੇ ਭਰਾ ਅਤੇ ਭਤੀਜੇ ਦਾ ਖੇਤ ਵਿਚ ਹੀ ਕਤਲ ਕਰ ਦਿੱਤਾ।ਪਿਓ ਪੁੱਤਰ ਦੀ ਦਰਦਨਾਕ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੁਖਦਾਈ ਗੱਲ ਦਸਣੀ ਬਣਦੀ ਹੈ ਕਿ ਮ੍ਰਿਤਕ ਅਵਤਾਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਵਿਚੋਂ ਹਰਮੀਤ ਸਿੰਘ ਦਾ ਪਿਤਾ ਦੇ ਨਾਲ ਹੀ ਕਤਲ ਕਰ ਦਿੱਤਾ ਗਿਆ। ਜਦੋਂ ਕਿ ਦੂਜਾ ਬੇਟਾ ਅਪਾਹਜ ਹੈ। ਮਿ੍ਤਕ ਨੌਜਵਾਨ ਹਰਮੀਤ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਕੁੱਝ ਦਿਨ ਪਹਿਲਾਂ ਹੀ ਇਕ ਬੇਟੀ ਤੋਂ ਬਾਅਦ ਬੇਟਾ ਹੋਇਆ ਸੀ।
Post Views: 2,177
Related