ਸ੍ਰੀ ਮੁਕਤਸਰ ਸਾਹਿਬ, 17 ਫਰਵਰੀ (ਵਿਪਨ ਮਿਤੱਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾ ਦੀ ਅਗਵਾਈ ਹੇਠ ਕੱਲ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਭਾਰਤ ਬੰਦ ਦੌਰਾਨ ਵੱਡੀ ਗਿਣਤੀ ਵਿਚ ਸੇਵਾ ਮੁਕਤ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਸਿੱਖਿਆ ਵਿਭਾਗ, ਪੰਜਾਬ ਰੋਡਵੇਜ, ਜਨ ਸਿਹਤ ਵਿਭਾਗ, ਐਕਸਾਈਜ਼ ਐਂਡ ਟੈਕਸਟੇਸ਼ਨ ਵਿਭਾਗ, ਮਨਿਸਟਰੀਅਲ ਸਟਾਫ਼ ਅਤੇ ਹੋਰਨਾਂ ਵਿਭਾਗਾਂ ਦੇ ਪੈਨਸ਼ਨਰ ਆਗੂਆਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਸਮੂਹ ਪੈਨਸ਼ਨਰ ਸਥਾਨਕ ਕੋਟਕਪੂਰਾ ਰੋਡ ਸਥਿਤ ਪੈਨਸ਼ਨਰ ਭਵਨ ਵਿਖੇ ਇਕੱਤਰ ਹੋਏ। ਇਸ ਮੌਕੇ ਮੌਜੂਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਸਖਤੀ ਵਰਤਣ ਦੀ ਬਜਾਏ ਸ਼ਾਂਤੀ ਪੂਰਵਕ ਤਰੀਕੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਪ੍ਰਧਾਨ ਸ਼ਰਮਾ ਨੇ ਭਾਰਤ ਬੰਦ ਵਿਚ ਹਿੱਸਾ ਲੈਣ ਵਾਲੇ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਐਸੀਸੋਏਸ਼ਨ ਦੇ ਚੇਅਰਮੈਨ ਬਲਦੇਵ ਸਿੰਘ ਬੇਦੀ, ਵਾਇਸ ਚੇਅਰਮੈਨ ਹਰਦੇਵ ਸਿੰਘ, ਪੰਜਾਬ ਰੋਡਵੇਜ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸਿੰਘ ਚੌਂਤਰਾ ਅਤੇ ਜਨਰਲ ਸਕੱਤਰ ਓਮ ਪ੍ਰਕਾਸ਼ ਸ਼ਰਮਾ ਸਮੇਤ ਗੁਰਦੇਵ ਸਿੰਘ ਬਰਾੜ, ਸੁਖਮੰਦਰ ਸਿੰਘ ਬੇਦੀ, ਸ਼ਾਮ ਲਾਲ ਪਬਲਿਕ ਹੈਲਥ, ਗੁਰਬਚਨ ਸਿੰਘ ਬੱਲਮਗੜ੍ਹ, ਬੋਹੜ ਸਿੰਘ ਥਾਂਦੇਵਾਲਾ, ਕੁਲਦੀਪ ਸਿੰਘ ਬਰਾੜ, ਕਰਨੈਲ ਸਿੰਘ ਬੇਦੀ ਤੇ ਸੁਰਿੰਦਰ ਜੀਤ ਆਦਿ ਸਮੇਤ ਹੋਰ ਸੇਵਾ ਮੁਕਤ ਕਰਮਚਾਰੀ ਮੌਜੂਦ ਸਨ। ਉਕਤ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਿਲ੍ਹਾ ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਮੀਟਿੰਗ ਉਪਰੰਤ ਸਮੂਹ ਪੈਨਸ਼ਨਰਾਂ ਨੇ ਸਥਾਨਕ ਕੋਟਕਪੂਰਾ ਰੋਡ ਸਥਿਤ ਭਾਰਤੀ ਕਿਸਾਨ ਯੂਨੀਅਨ ਵੱਲੋਂ ਲਗਾਏ ਧਰਨੇ ਵਿਚ ਸ਼ਮੂਲੀਅਤ ਕੀਤੀ। ਟਰੇਡ ਯੂਨੀਅਨ ਆਗੂ ਓਮ ਪ੍ਰਕਾਸ਼ ਸ਼ਰਮਾ ਨੇ ਸਮੂਹ ਪੈਨਸ਼ਨਰਾਂ ਵੱਲੋਂ ਧਰਨੇ ਦੌਰਾਨ ਸੰਬੋਧਨ ਕੀਤਾ। ਉਹਨਾਂ ਨੇ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ ’ਤੇ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ। ਉਹਨਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਨਾਲ ਸਰਕਾਰ ਵੱਲੋਂ ਵਰਤੀ ਜਾ ਰਹੀ ਧੱਕੇਸ਼ਾਹੀ ਬੇਹੱਦ ਨਿੰਦਣਯੋਗ ਹੈ ਤੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸਰਕਾਰ ਨੂੰ ਇਸ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ।