ਜੇ ਤੁਸੀਂ ਕਦੇ ਫਲਾਈਟ ‘ਚ ਸਫਰ ਕੀਤਾ ਹੈ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅੱਜ-ਕੱਲ੍ਹ ਜਹਾਜ਼ ‘ਚ ਸਫਰ ਕਰਨਾ ਕਿੰਨਾ ਆਸਾਨ ਹੋ ਗਿਆ ਹੈ। ਕੋਈ ਸਮਾਂ ਸੀ ਜਦੋਂ ਬਹੁਤੇ ਲੋਕ ਜਹਾਜ਼ ਨੂੰ ਅਸਮਾਨ ‘ਚ ਉੱਡਦੇ ਦੇਖ ਕੇ ਸੋਚਦੇ ਸਨ ਕਿ ਕਾਸ਼ ਉਹ ਵੀ ਕਿਸੇ ਦਿਨ ਜਹਾਜ਼ ‘ਚ ਬੈਠ ਸਕਦੇ ਹਨ ਅਤੇ ਹੁਣ ਅਜਿਹਾ ਸੋਚਣ ਵਾਲੇ ਲੋਕ ਵੀ ਹਵਾਈ ਜਹਾਜ਼ ‘ਚ ਘੁੰਮਦੇ ਨਜ਼ਰ ਆਉਂਦੇ ਹਨ। ਹਾਲਾਂਕਿ ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਫਲਾਈਟ ‘ਚ ਅਜੀਬੋ-ਗਰੀਬ ਹਰਕਤਾਂ ਕਰਦੇ ਹਨ, ਜੋ ਹੋਰ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਅਸਲ ‘ਚ ਇਕ ਵਿਅਕਤੀ ਨੇ ਉਡਾਣ ਭਰਨ ‘ਚ ਅਜਿਹਾ ਖਤਰਨਾਕ ਕੰਮ ਕੀਤਾ ਕਿ ਜਹਾਜ਼ ‘ਚ ਬੈਠੇ ਯਾਤਰੀਆਂ ਨੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ। ਮਾਮਲਾ ਨਿਊ ਮੈਕਸੀਕੋ ਦੇ ਅਲਬੁਕਰਕ ਤੋਂ ਸ਼ਿਕਾਗੋ ਜਾ ਰਹੀ ‘ਅਮਰੀਕਨ ਏਅਰਲਾਈਨਜ਼’ ਦੀ ਫਲਾਈਟ ਨਾਲ ਸਬੰਧਤ ਹੈ। ਪੂਰਾ ਮਾਮਲਾ ਕੁਝ ਇਸ ਤਰ੍ਹਾਂ ਹੈ, ਯਾਤਰੀ ਆਰਾਮ ਨਾਲ ਸਫਰ ਕਰ ਰਹੇ ਸਨ, ਫਲਾਈਟ ਅਸਮਾਨ ‘ਚ ਸੀ ਅਤੇ ਇਸ ਦੌਰਾਨ ਇਕ ਯਾਤਰੀ ਨੂੰ ਪਤਾ ਨਹੀਂ ਕੀ ਹੋ ਗਿਆ ਕਿ ਉਹ ਅਚਾਨਕ ਉੱਡਦੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੌਰਾਨ ਜਦੋਂ ਜਹਾਜ਼ ‘ਚ ਸਵਾਰ ਯਾਤਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਭਿੜ ਗਿਆ ਅਤੇ ਲੜਾਈ ਸ਼ੁਰੂ ਕਰ ਦਿੱਤੀ। ਅਜਿਹੇ ‘ਚ ਯਾਤਰੀਆਂ ਨੂੰ ਮਜਬੂਰ ਹੋ ਕੇ ਉਸ ਦੇ ਹੱਥ-ਪੈਰ ਡਕਟ ਟੇਪ ਨਾਲ ਬੰਨ੍ਹਣੇ ਪਏੇ, ਤਾਂ ਜੋ ਉਹ ਦੁਬਾਰਾ ਅਜਿਹੀ ਹਰਕਤ ਨਾ ਕਰ ਸਕੇ।
ਬਾਅਦ ‘ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਦੋਸ਼ੀ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਅਜੀਬ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਯਾਤਰੀ ਦੋਸ਼ੀ ਨੂੰ ਫੜ ਕੇ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਦੋਸ਼ੀ ਖੁਦ ਨੂੰ ਉਨ੍ਹਾਂ ਤੋਂ ਛੁਡਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਇੱਕ ਰਿਪੋਰਟ ਦੇ ਅਨੁਸਾਰ ਅਲਬੂਕਰਕ ਏਅਰਪੋਰਟ ਤੋਂ ਫਲਾਈਟ ਦੇ ਉਡਾਣ ਭਰਨ ਦੇ ਸਿਰਫ 30 ਮਿੰਟ ਬਾਅਦ, ਵਿਅਕਤੀ ਜਹਾਜ਼ ਦੇ ਐਮਰਜੈਂਸੀ ਗੇਟ ਦੇ ਨੇੜੇ ਪਹੁੰਚਿਆ ਅਤੇ ਉਸ ਦਾ ਹੈਂਡਲ ਫੜ ਕੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ। ਖੁਸ਼ਕਿਸਮਤੀ ਰਹੀ ਕਿ ਮੁਸਾਫਰਾਂ ਨੇ ਉਸ ਨੂੰ ਸਮੇਂ ਸਿਰ ਅਜਿਹਾ ਕਰਨ ਤੋਂ ਰੋਕ ਦਿੱਤਾ, ਨਹੀਂ ਤਾਂ ਜਹਾਜ਼ ਦੇ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ।