ਫਰੀਦਕੋਟ 12 ਜੁਲਾਈ (ਵਿਪਨ ਮਿੱਤਲ) :-ਤਲਵੰਡੀ ਬਾਈਪਾਸ ਤੇ ਆਮਣੇ ਸਾਹਮਣੇ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ ਜਿਸ ਤੋਂ ਬਾਅਦ ਮਰੂਤੀ ਕਾਰ ’ਚ ਇੱਕ 70 ਸਾਲਾ ਬਜ਼ੁਰਗ ਸਵਾਰ ਸੀ, ਉਸ ਦੀ ਕਾਰ ਬੇਕਾਬੂ ਹੋਣ ਤੋਂ ਬਾਅਦ ਰਾਜਸਥਾਨ ਫੀਡਰ ਨਹਿਰ ਵਿੱਚ ਜਾ ਡਿੱਗੀ । ਆਸ ਪਾਸ ਜਾ ਰਹੇ ਲੋਕਾਂ ਨੇ ਤੁਰੰਤ ਹਿੰਮਤ ਕਰਦੇ ਹੋਏ ਬਜ਼ੁਰਗ ਨੂੰ ਕਾਰ ਵਿੱਚੋਂ ਕੱਢ ਲਿਆ ਪਰ ਪਾਣੀ ਦੇ ਤੇਜ ਵਹਾ ਦੇ ਚਲਦੇ ਕਾਰ ਨਹਿਰ ਵਿੱਚ ਰੁੜ ਗਈ। ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾ ਤੋਂ ਸਵਿਫਟ ਕਾਰ ਫਰੀਦਕੋਟ ਵੱਲ ਆ ਰਹੀ ਸੀ ਅਤੇ ਦੂਜੇ ਪਾਸੇ ਸ਼ਹਿਰ ਤੋਂ ਆਪਣੇ ਪਿੰਡ ਧੂੜਕੋਟ ਵੱਲ ਜਾ ਰਹੇ ਇੱਕ ਬਜ਼ੁਰਗ ਜੋ ਕਿ ਮਰੂਤੀ ਕਾਰ ਤੇ ਸਵਾਰ ਸਨ, ਦੋਨੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਤੋਂ ਬਾਅਦ ਮਰੂਤੀ ਕਾਰ ਬੇਕਾਬੂ ਹੋ ਕੇ ਰਾਜਸਥਾਨ ਫੀਡਰ ਨਹਿਰ ਦੇ ਵਿੱਚ ਜਾ ਡਿੱਗੀ। ਬਜ਼ੁਰਗ ਨੂੰ ਤੁਰੰਤ ਮੌਜੂਦ ਲੋਕਾਂ ਨੇ ਨਹਿਰ ਵਿੱਚੋਂ ਸੁਰੱਖਿਤ ਬਾਹਰ ਕੱਢ ਲਿਆ ਜਿਸ ਤੋਂ ਬਾਅਦ ਬਜ਼ੁਰਗ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ।ਮੌਕੇ ਤੇ ਪੁੱਜੇ ਬਜ਼ੁਰਗ ਦੇ ਪੋਤਰੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਸੂਚਨਾ ਮਿਲੀ ਸੀ ਤੇ ਉਹਨਾਂ ਦੇ ਦਾਦਾ ਜੀ ਦੀ ਕਾਰ ਨਹਿਰ ਵਿੱਚ ਡਿੱਗ ਪਈ ਅਤੇ ਜਦ ਤੱਕ ਉਹ ਆਏ ਉਸ ਤੋਂ ਪਹਿਲਾਂ ਲੋਕਾਂ ਨੇ ਪੱਗਾਂ ਦੀ ਮਦਦ ਦੇ ਨਾਲ ਉਹਨਾਂ ਦੇ ਦਾਦਾ ਜੀ ਨੂੰ ਬਾਹਰ ਕੱਢ ਲਿਆ ਜੋ ਕਿ ਹੁਣ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਹਨ, ਉਹਨਾਂ ਦੇ ਕੁਝ ਸੱਟਾਂ ਵੱਜੀਆਂ ਹਨ । ਉਧਰ ਸਵਿਫਟ ਕਾਰ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਸਾਈਡ ਤੋਂ ਫਰੀਦਕੋਟ ਆ ਰਹੇ ਸਨ ਅਤੇ ਜਦੋਂ ਇਸ ਜਗ੍ਹਾ ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਮਰੂਤੀ ਕਾਰ ਉਹਨਾਂ ਦੀ ਗੱਡੀ ਨਾਲ ਆ ਟਕਰਾਈ ਜਿਸ ਤੋਂ ਬਾਅਦ ਮਰੂਤੀ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਉਹਨਾਂ ਦੱਸਿਆ ਕਿ ਉਹਨਾਂ ਨਾਲ ਉਹਨਾਂ ਦੀ ਮਾਤਾ ਤੇ ਭੂਆ ਜੀ ਸਵਾਰ ਸਨ ਪਰ ਕਿਸੇ ਦੇ ਵੀ ਖੁਸ਼ਕਿਸਮਤੀ ਨਾਲ ਕੋਈ ਸੱਟ ਨਹੀਂ ਵੱਜੀ ਜਿਸ ਕਾਰਨ ਵੱਡਾ ਬਚਾਅ ਰਿਹਾ ਪਰ ਮਰੂਤੀ ਕਾਰ ਪਾਣੀ ਵਿੱਚ ਰੁੜ ਚੁੱਕੀ ਹੈ। ਉਧਰ ਮੌਕੇ ਤੇ ਪੁੱਜੇ ਪੀਸੀਆਰ ਮੁਲਾਜ਼ਮਾਂ ਪਰਮਿੰਦਰ ਸਿੰਘ ਨੇ ਦੱਸਿਆ ਕਿ ਨਾਹਰ ਸਿੰਘ ਨਾਮਕ ਵਿਅਕਤੀ ਜਿਸਦੀ ਉਮਰ ਕਰੀਬ 70 ਸਾਲ ਹੈ ਜੋ ਪਿੰਡ ਧੂੜਕੋਟ ਦਾ ਰਹਿਣ ਵਾਲਾ ਹੈ ਹਾਦਸੇ ਤੋਂ ਬਾਅਦ ਨਹਿਰ ਚ ਕਾਰ ਸਮੇਤ ਨਹਿਰ ਚ ਜ਼ਾ ਡਿੱਗਾ ਜਿਸ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਾਰ ਚਾਲਕ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਰਵਾਈ ਜਾਰੀ ਹੈ।