ਮੋਗਾ ਜ਼ਿਲ੍ਹੇ ’ਚ ਰਹਿਣ ਵਾਲੇ ਇਕ ਪਰਿਵਾਰ ਦੇ ਇਕ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਰਾਜਸਥਾਨ ਦੇ ਸ੍ਰੀਗੰਗਾਨਗਰ ਇਲਾਕੇ ’ਚ ਉਸ ਸਮੇਂ ਵਾਪਰਿਆ ਜਦੋਂ ਪਰਿਵਾਰਕ ਮੈਂਬਰ ਕਾਰ ’ਚ ਘਰ ਵਾਪਸ ਆ ਰਹੇ ਸਨ। ਕਾਰ ਨੂੰ ਸਾਹਮਣੇ ਤੋਂ ਆ ਰਹੀ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਥਾਣਾ ਖੇਤਰ ਦੇ ਪਿੰਡ ਨੱਥੂਵਾਲਾ ਗਰਬਾ ਵਾਸੀ 30 ਸਾਲਾ ਸੂਰਜਵੀਰ ਸਿੰਘ ਆਪਣੀ 28 ਸਾਲਾ ਪਤਨੀ ਮਨਦੀਪ ਕੌਰ, 55 ਸਾਲਾ ਮਾਤਾ ਕੁਲਦੀਪ ਨਾਲ ਕੌਰ ਅਤੇ ਭੈਣ ਮਨਵੀਰ ਕੌਰ ਅਤੇ ਮਨਵੀਰ ਦੀ ਬੇਟੀ ਵਾਨੀ ਪੰਜਾਬ ਤੋਂ ਕਾਰ ’ਚ ਸ਼੍ਰੀਗੰਗਾਨਗਰ ’ਚ ਪਦਮਪੁਰ ਗਈਆਂ ਸਨ। ਉਹ ਮੰਗਲਵਾਰ ਦੁਪਹਿਰ ਨੂੰ ਉੱਥੇ ਇੱਕ ਜਾਣਕਾਰ ਨੂੰ ਮਿਲਣ ਤੋਂ ਬਾਅਦ ਵਾਪਸ ਪੰਜਾਬ ਵਾਪਸ ਆ ਰਹੇ ਸੀ। ਇਸ ਦੌਰਾਨ ਘੜਸਾਨਾ ਤੋਂ ਸ੍ਰੀਗੰਗਾਨਗਰ ਵੱਲ ਆ ਰਹੀ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੂਰਜਵੀਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਮਾਤਾ ਕੁਲਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਸੂਰਜਵੀਰ ਦੀ 1 ਸਾਲ ਦੀ ਭਤੀਜੀ ਵਾਨੀ ਦੀ ਵੀ ਮੌਤ ਹੋ ਗਈ। ਸੂਰਜਵੀਰ ਦੀ ਭੈਣ ਮਨਵੀਰ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਸ੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮ੍ਰਿਤਕ 1 ਸਾਲ ਦੀ ਵਾਨੀ ਕੈਨੇਡਾ ਦੀ ਰਹਿਣ ਵਾਲੀ ਸੀ। ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦਾ ਚਾਚਾ ਸੁਖਵਿੰਦਰ ਸਿੰਘ ਮੰਗਲਵਾਰ ਸ਼ਾਮ 5 ਵਜੇ ਸ੍ਰੀਗੰਗਾਨਗਰ ਪਹੁੰਚਿਆ। ਉਸ ਨੇ ਦੱਸਿਆ ਕਿ ਸੂਰਜਵੀਰ, ਉਸ ਦੀ ਪਤਨੀ ਮਨਦੀਪ ਕੌਰ ਅਤੇ ਮਾਤਾ ਕੁਲਦੀਪ ਕੌਰ ਪੰਜਾਬ ਰਹਿੰਦੇ ਸਨ। ਸੂਰਜਵੀਰ ਦੀ ਭੈਣ ਮਨਵੀਰ ਕੌਰ ਕੈਨੇਡਾ ਰਹਿੰਦੀ ਹੈ। ਉਸ ਦੇ ਨਾਲ ਉਸ ਦੀ 1 ਸਾਲ ਦੀ ਬੇਟੀ ਵਾਨੀ ਵੀ ਸੀ, ਜਿਸ ਦੀ ਹਾਦਸੇ ’ਚ ਮੌਤ ਹੋ ਗਈ। ਦੂਜੇ ਪਾਸੇ ਇਲਾਕਾ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 5 ਯਾਤਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਬੱਸ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।