ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ )- ਗਰੀਸ ਵਿਖੇ ਬੀਤੇ ਦਿਨੀਂ  ਸੜਕ ਹਾਦਸੇ ਦਾ ਸ਼ਿਕਾਰ ਹੋਏ ਮਨੋਹਰ ਲਾਲ (38) ਪੁੱਤਰ ਹਰਬਿਲਾਸ ਵਾਸੀ ਭੰਮੀਆਂ ਦੀ ਮਿ੍ਤਕ ਦੇਹ ਪਿੰਡ ਭੰਮੀਆਂ ਵਿਖੇ ਪਹੁੰਚੀ। ਜਿਸ ਦੌਰਾਨ ਵੱਡੀ ਗਿਣਤੀ ‘ਚ ਨਮ ਅੱਖਾਂ ਨਾਲ ਮਨੋਹਰ ਲਾਲ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਮਿ੍ਤਕ ਨੌਜਵਾਨ ਦੇ ਮਾਮਾ ਦਰਸ਼ਨ ਲਾਲ ਸਾਬਕਾ ਸਰਪੰਚ ਰੌੜ ਮਜਾਰਾ ਤੇ ਪ੍ਰਕਾਸ਼ ਰਾਮ ਰਿਟਾ. ਪਿ੍ੰਸੀਪਲ ਨੇ ਦੱਸਿਆ ਕਿ ਮਨੋਹਰ ਲਾਲ 1997 ‘ਚ ਪਹਿਲੀ ਵਾਰ ਗਰੀਸ ਗਿਆ ਤੇ ਉਹ ਪਰਿਵਾਰ ਸਮੇਤ ਗਰੀਸ ‘ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਨੋਹਰ ਲਾਲ ਨੂੰ ਕੁਝ ਸਮੇਂ ‘ਚ ਗਰੀਸ ਦਾ ਗਰੀਨ ਕਾਰਡ ਮਿਲਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਮਨੋਹਰ ਲਾਲ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੰਮ ‘ਤੇ ਜਾ ਰਿਹਾ ਸੀ। ਜਿਸ ਦੌਰਾਨ ਇਕ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਮਨੋਹਰ ਲਾਲ ਦੀ ਮੌਤ ਹੋ ਗਈ। ਮਨੋਹਰ ਲਾਲ 2 ਲੜਕੀਆਂ ਤੇ ਇਕ ਡੇਢ ਸਾਲ ਦੇ ਲੜਕੇ ਦਾ ਬਾਪ ਸੀ ਜੋ ਵਿਲ੍ਹਕਦਿਆਂ ਪਰਿਵਾਰ ਨੂੰ ਛੱਡ ਗਿਆ। ਮਨੋਹਰ ਲਾਲ ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਸਬੰਧੀਆਂ ਤੇ ਇਲਾਕੇ ਤੇ ਸਖਸ਼ੀਅਤਾਂ ਨੇ ਸ਼ਿਰਕਤ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮਨੋਹਰ ਲਾਲ ਨਮਿਤ ਅੰਤਿਮ ਅਰਦਾਸ ਪਿੰਡ ਭੰਮੀਆਂ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਵਿਖੇ 3 ਅਗਸਤ 2022 ਨੂੰ ਹੋਵੇਗੀ।