ਦਿਨ ਚੜ੍ਹਦੇ ਜਲੰਧਰ ‘ਚ ਵਾਪਰਿਆ ਵੱਡਾ ਹਾਦਸਾ, ਸੜਕ ਪਾਰ ਕਰ ਰਹੀਆਂ ਦੋ ਸਹੇਲੀਆਂ ‘ਤੇ ਚੜੀ ਗੱਡੀ, ਘਟਨਾ CCTV ‘ਚ ਕੈਦ

ਜਲੰਧਰ(ਵਿੱਕੀ ਸੂਰੀ)- ਦਿਨ ਚੜ੍ਹਦੇ ਹੀ ਜਲੰਧਰ ਵਿਚ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸ ਦੇਈਏ ਕਿ ਜਲੰਧਰ ਦੇ ਧੰਨੋਵਾਲੀ ਫਾਟਕ ਸਾਹਮਣੇ ਹਾਈਵੇ ਉੱਤੇ ਦੋ ਲੜਕੀਆਂ ਨਾਲ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ ਇਕ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੀ ਨੂੰ ਗੰਭੀਰ ਸੱਟਾਂ ਲਗੀਆਂ ਹਨ, ਜਿਸ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਗੱਲਬਾਤ ਦੌਰਾਨ ਰਾਹਗੀਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰੇ 8:30 ਵਜੇ ਦੇ ਕਰੀਬ ਦੋ ਲੜਕੀਆਂ ਨਵਜੋਤ ਕੌਰ ਅਤੇ ਮਮਤਾ ਧੰਨੋ ਵਾਲੀ ਫਾਟਕ ਸਾਹਮਣੇ ਤੋਂ ਸੜਕ ਪਾਰ ਕਰਨ ਲਈ ਖੜੀਆਂ ਸਨ ਕਿ ਅਚਾਨਕ ਫਗਵਾੜਾ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਜਿਸ ਨੂੰ ਇਕ ਪੁਲਸ ਮੁਲਾਜ਼ਮ ਚਲਾ ਰਿਹਾ ਸੀ ਨੇ ਲੜਕੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨ੍ਹੀ ਭਿਆਨਕ ਸੀ ਕਿ ਇਕ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਬੂਰੀ ਤਰ੍ਹਾਂ ਜਖਮੀ ਹੋ ਗਈ ਅਤੇ ਦੋਸ਼ੀ ਮੌਕੇ ਤੋਂ ਫ਼ਰਾਰ ਹੋਣ ਤੇ ਕਮਿਆਬ ਰਿਹਾ। ਦੱਸ ਦੇਈਏ ਕਿ ਦੋਵੇਂ ਲੜਕੀਆਂ ਧੰਨੋ ਵਾਲੀ ਪਿੰਡ ਦੀਆਂ ਰਹਿਣ ਵਾਲਿਆਂ ਸਨ ਤੇ ਕੋਸਮੋ ਹੁੰਡਈ ਕੰਪਨੀ ਵਿਚ ਕੰਮ ਕਰਦੀਆਂ ਸਨ। ਫਿਲਹਾਲ ਪੁਲਸ ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ‘ਤੇ ਗੱਡੀ ਦੇ ਮਾਲਕ ਦੀ ਪਛਾਣ ਦੇ ਯਤਨ ਕਰ ਰਹੀ ਹੈ।