ਲੰਡਨ ਪੋਸਟ ਆਫਿਸ ‘ਚ ਭਾਰਤੀ ਮੂਲ ਦੇ ਵਿਅਕਤੀ ‘ਤੇ ਲੁੱਟ ਦਾ ਇਲਜ਼ਾਮ ਲੱਗਿਆ ਹੈ। ਇਲਜ਼ਾਮ ਹਨ ਕਿ ਉਸ ਨੇ ਇਸ ਸਾਰੀ ਘਟਨਾ ਨੂੰ ਨਕਲੀ ਬੰਦੂਕ ਦੀ ਮਦਦ ਨਾਲ ਅੰਜਾਮ ਦਿਤਾ ਹੈ।
ਇਸ ਸਬੰਧੀ ਸਕਾਟਲੈਂਡ ਯਾਰਡ ਨੇ ਦਸਿਆ ਕਿ ਭਾਰਤੀ ਮੂਲ ਦੇ ਰਾਜਵਿੰਦਰ (41 ) ਨਾਂ ਦੇ ਵਿਅਕਤੀ ਨੇ ਵੈਸਟ ਲੰਡਨ ਦੇ ਹਾਊਂਸਲੋ ਸਥਿਤ ਡਾਕਘਰ ‘ਚ ਜਾਅਲੀ ਬੰਦੂਕ ਦਿਖਾ ਕੇ ਮੁਲਾਜ਼ਮਾਂ ਨੂੰ ਧਮਕਾਇਆ ਅਤੇ ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿਤਾ। ਇਸ ਤੋਂ ਬਾਅਦ ਉਸ ਨੂੰ 1 ਅਪ੍ਰੈਲ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਸ ਦੇ ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਜਾਸੂਸਾਂ ਦੀ ਮਦਦ ਨਾਲ ਸ਼ੱਕੀ ਦੀ ਪਛਾਣ ਕੀਤੀ।
1 ਅਪ੍ਰੈਲ ਨੂੰ ਸ਼ਾਮ 6 ਵਜੇ ਦੇ ਕਰੀਬ ਰਾਜਵਿੰਦਰ ਹਾਊਂਸਲੋ ਦੇ ਬ੍ਰਾਬਾਜ਼ਨ ਰੋਡ ‘ਤੇ ਸਥਿਤ ਡਾਕਖਾਨੇ ‘ਚ ਦਾਖਲ ਹੋਇਆ। ਪੁਲਿਸ ਨੇ ਕਿਹਾ ਕਿ ਉਸ ਨੇ ਡਕੈਤੀ ਕਰਨ ਤੋਂ ਪਹਿਲਾਂ ਦੋ ਸਟਾਫ ਮੈਂਬਰਾਂ ਨੂੰ ਬੰਦੂਕ ਨਾਲ ਧਮਕਾਇਆ ਸੀ। ਡਕੈਤੀ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਜਾਸੂਸ ਨੇ ਵਿਆਪਕ ਜਾਂਚ ਤੋਂ ਬਾਅਦ ਸ਼ੱਕੀ ਦੀ ਪਛਾਣ ਕੀਤੀ। ਇਸ ਤੋਂ ਬਾਅਦ ਪੁਲਿਸ ਵਲੋਂ ਰਾਜਵਿੰਦਰ ਨੂੰ ਗ੍ਰਿਫ਼ਤਾਰ ਕਰਨ ਦੀ ਯੋਜਨਾ ਤਿਆਰ ਕੀਤੀ ਗਈ।
ਉਸ ਨੂੰ 4 ਅਪ੍ਰੈਲ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਵਿੰਦਰ ਨੂੰ ਸ਼ਨੀਵਾਰ 6 ਅਪ੍ਰੈਲ ਨੂੰ ਯੂਕਸਬ੍ਰਿਜ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ‘ਤੇ ਨਕਲੀ ਬੰਦੂਕ ਦੀ ਮਦਦ ਨਾਲ ਲੁੱਟ-ਖੋਹ ਕਰਨ ਦਾ ਇਲਜ਼ਾਮ ਹੈ। ਫਿਲਹਾਲ ਰਾਜਵਿੰਦਰ ਪੁਲਿਸ ਹਿਰਾਸਤ ਵਿਚ ਹੈ ਅਤੇ ਉਸ ਨੂੰ 6 ਮਈ ਨੂੰ ਆਇਲਵਰਥ ਕਰਾਊਨ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।