ਨਵੀਂ ਦਿੱਲੀ, 5 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਵਿਚ 15-16 ਅਣਪਛਾਤੇ ਬੰਦੂਕਧਾਰੀਆਂ ਨੇ ਤਲਾਸ਼ੀ ਲਈ ਤੇ ਜਾਣ ਲੱਗਿਆਂ ਗੁਰਦੁਆਰਾ ਸਾਹਿਬ ਦੇ ਸੀ ਸੀ ਟੀ ਵੀ ਕੈਮਰੇ ਤੋੜ ਦਿੱਤੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਸਿਰਸਾ ਨੇ ਦੱਸਿਆ ਕਿ ਇਹ 15-16 ਲੋਕ ਆਪਣੇ ਆਪ ਨੁੰ ਤਾਲਿਬਾਨ ਦੇ ਬੰਦੇ ਦੱਸ ਰਹੇ ਸਨ ਜਿਹਨਾਂ ਨੇ ਗੁਰਦੁਆਰਾ ਕਰਤੇ ਪਰਵਾਨ ਦੇ ਮੁੱਖ ਕੰਪਲੈਕਸ ਦੀ ਤਲਾਸ਼ੀ ਲਈ, ਫਿਰ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹਨ, ਉਸ ਥਾਂ ‘ਤੇ ਤਲਾਸ਼ੀ ਲਈ ਤੇ ਜਾਣ ਲੱਗਿਆਂ ਗੁਰਦੁਆਰਾ ਸਾਹਿਬ ਦੇ ਸੀ ਸੀ ਟੀ ਵੀ ਕੈਮਰੇ ਤੋੜ ਦਿੱਤੇ। ਉਹਨਾਂ ਕਿਹਾ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਜਦੋਂ ਇਹ ਮਾਮਲਾ ਅਫਗਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ਤੇ ਤਾਲਿਬਾਨ ਦੇ ਸਥਾਨਕ ਮੁਖੀਆਂ ਕੋਲ ਚੁੱਕਿਆ ਤਾਂ ਉਹਨਾਂ ਕਿਹਾ ਕਿ ਜੋ ਲੋਕ ਆਏ ਸਨ, ਉਹ ਸਾਡੇ ਲੋਕ ਨਹੀਂ ਹਨ।
ਸਰਦਾਰ ਸਿਰਸਾ ਨੇ ਇਹ ਵੀ  ਦੱਸਿਆ ਕਿ ਤਾਲਿਬਾਨ ਸਰਕਾਰ ਨੇ ਕੋਈ ਵੀ ਅਫਸਰ ਗੁਰਦੁਆਰਾ ਸਾਹਿਬ ਤੱਕ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਸਥਾਨਕ ਲੋਕਾਂ ਦੀ ਇਹ ਚਿੰਤਾ ਬਣੀ ਹੋਈ ਹੈ ਕਿ ਅਜਿਹੇ ਹਾਲਾਤ ਵਿਚ ਜਦੋਂ ਵੀ ਬੰਦੂਕਧਾਰੀ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਰਿਹਾ ਹੈ, ਸੀ ਸੀ ਟੀ ਵੀ ਕੈਮਰੇ ਤੋੜ ਰਿਹਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋ ਜਾਵੇ।
ਉਹਨਾਂ ਕਿਹਾ ਕਿ ਅਸੀਂ ਹਾਲਾਤਾਂ ‘ਤੇ ਨਜ਼ਰ ਬਣਾਈ ਹੋਈ ਹੈ ਤੇ ਜਿਵੇਂ ਹੀ ਕੋਈ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਇਥੇ ਦੀ ਸੰਗਤ ਦੇ ਮੀਡੀਆ ਨਾਲ ਇਹ ਸਾਂਝੀ ਕਰਾਂਗੇ।