
Skip to content

ਚੰਡੀਗੜ੍ਹ : ਅਕਾਲੀ ਦਲ ਪੁਨਰ-ਸੁਰਜੀਤ ਦੀ ਮੀਟਿੰਗ ‘ਚ ਸਿੰਘ ਸਾਹਿਬ ਨੂੰ ਅਪੀਲ—ਧਾਮੀ ਤੇ ਬਡੂੰਗਰ ਤੋਂ 2 ਦਸੰਬਰ ਦੇ ਹੁਕਮਨਾਮਿਆਂ ‘ਤੇ ਸਪੱਸ਼ਟੀਕਰਨ ਲਿਆ ਜਾਵੇ
ਚੰਡੀਗੜ੍ਹ ਦੇ ਮੱਖਣ ਸ਼ਾਹ ਲੁਬਾਣਾ ਭਵਨ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੀ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਗਈ ਕਿ 27 ਜੂਨ ਦੇ ਜਰਨਲ ਹਾਊਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਤਲਬ ਕਰਕੇ 2 ਦਸੰਬਰ 2024 ਦੇ ਹੁਕਮਨਾਮਿਆਂ ਦੀ ਉਲੰਘਣਾ ਬਾਰੇ ਸਪੱਸ਼ਟੀਕਰਨ ਲਿਆ ਜਾਵੇ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮਿਆਂ ਅਨੁਸਾਰ ਸੱਤ ਮੈਂਬਰੀ ਭਰਤੀ ਕਮੇਟੀ ਬਣਾਈ ਗਈ ਸੀ, ਪਰ ਧਾਮੀ ਨੇ ਪਹਿਲਾਂ ਅਸਤੀਫਾ ਦੇ ਕੇ ਬਾਅਦ ਵਿੱਚ ਵਾਪਸ ਲਿਆ ਅਤੇ ਕਮੇਟੀ ਤੋਂ ਦੂਰ ਰਹੇ, ਜਦਕਿ ਬਡੂੰਗਰ ਨੇ ਵੀ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਇਹ ਆਗੂ ਹੁਕਮਨਾਮਿਆਂ ਦੀ ਪਾਲਣਾ ਦੀ ਗੱਲ ਕਰ ਰਹੇ ਹਨ ਤਾਂ ਉਨ੍ਹਾਂ ਤੋਂ ਪਹਿਲਾਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ।
ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਕਿ ਸੁਖਬੀਰ ਸਿੰਘ ਬਾਦਲ ਖ਼ਿਲਾਫ ਆਈਆਂ ਸ਼ਿਕਾਇਤਾਂ ‘ਤੇ ਵੀ ਕਾਰਵਾਈ ਹੋਵੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤ ਫੈਸਲਾ ਲਿਆ ਜਾਵੇ।
ਮੀਟਿੰਗ ਵਿੱਚ ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਰਹੇ।

Related