ਜਲੰਧਰ– ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ 30 ਅਕਤੂਬਰ 2021 ਨੂੰ ਆਲ ਇੰਡੀਆ ਸਮਾਲ ਨਿਊਜ਼ ਪੇਪਰਜ਼ ਕੌਂਸਲ (ਰਜਿ.)ਦੀ ਸਲਾਨਾ ਕਾਨਫਰੰਸ ਕੌਂਸਲ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਦੀ ਪ੍ਰਧਾਨਗੀ ਹੇਠ ਹੋਈ। ਇਸ ਕਾਨਫਰੰਸ ਵਿਚ ਪੰਜਾਬ ਭਰ ਤੋਂ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕ ਅਤੇ ਸੰਪਾਦਕ ਸ਼ਾਮਲ ਹੋਏ, ਜਿਨ੍ਹਾਂ ਨੇ ਛੋਟੇ ਸਮਾਚਾਰ ਪੱਤਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਇਸ ਕਾਨਫਰੰਸ ’ਚ ਚਰਚਾ ਕੀਤੀ । ਕੌਂਸਲ ਦੇ ਜਨਰਲ ਸਕੱਤਰ ਮੇਜਰ ਜਗਜੀਤ ਸਿੰਘ ਰਿਸ਼ੀ ਵਲੋਂ ਸਲਾਨਾ ਕਾਨਫਰੰਸ ਦਾ ਏਜੰਡਾ ਰੱਖਦੇ ਹੋਏ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਕਾਨਫਰੰਸ ਦੇ ਪਹਿਲੇ ਹਿੱਸੇ ਦੌਰਾਨ ਵੱਖ-ਵੱਖ ਸਮਾਚਾਰ ਪੱਤਰਾਂ ਦੇ ਮਾਲਕਾਂ ਨੇ ਛੋਟੇ ਸਮਾਚਾਰ ਪੱਤਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।

    ਅਗਲੇ ਸੈਸ਼ਨ ਦੌਰਾਨ ਮੁੱਖ ਮਹਿਮਾਨ ਸਾਬਕਾ ਲੈਫ਼ਟੀਨੈਂਟ ਗਵਰਨਰ ਡਾ. ਇਕਬਾਲ ਸਿੰਘ ਅਤੇ ਪੰਜਾਬ ਪ੍ਰੈਸ ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਸਤਨਾਮ ਸਿੰਘ ਮਾਣਕ ਵੀ ਪਹੁੰਚੇ। ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸ. ਸਤਨਾਮ ਸਿੰਘ ਮਾਣਕ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਉਹ ਪ੍ਰੈਸ ਕਲੱਬ ਵੱਲੋਂ ਛੋਟੇ ਸਮਾਚਾਰ ਪੱਤਰਾਂ ਦੀਆਂ ਮੁਸ਼ਕਲਾਂ ਨੂੰ ਸਰਕਾਰ ਤੱਕ ਪਹੁੰਚਾਣਗੇ। ਕਲੱਬ ਵੱਲੋਂ ਛੋਟੇ ਸਮਾਚਾਰ ਪੱਤਰਾਂ ਦੇ ਮਾਲਕਾਂ ਅਤੇ ਸੰਪਾਦਕਾਂ ਨੂੰ ਵੀ ਕਲੱਬ ਦਾ ਮੈਂਬਰ ਬਣਾਇਆ ਜਾਏਗਾ ਅਤੇ ਉਹਨਾਂ ਨੂੰ ਇਥੇ ਹੋਣ ਵਾਲੀਆਂ ਪ੍ਰੈੱਸ ਕਾਨਫਰੰਸਾਂ ਵਿਚ ਸ਼ਾਮਲ ਹੋਣ ਲਈ ਕਿਹਾ ਜਾਏਗਾ। ਉਹਨਾਂ ਕਿਹਾ ਕਿ ਛੋਟੇ ਸਮਾਚਾਰ ਪੱਤਰਾਂ ਨੂੰ ਵੀ ਆਪਣੀ ਪਹਿਚਾਣ ਬਨਾਉਣੀ ਚਾਹੀਦੀ ਹੈ ਅਤੇ ਪੇਪਰ ਨੂੰ ਰੈਗੂਲਰ ਤੌਰ ’ਤੇ ਛਾਪਣਾ ਚਾਹੀਦਾ ਹੈ।

    ਡਾ. ਇਕਬਾਲ ਸਿੰਘ ਨੇ ਕਿਹਾ ਕਿ ਵੱਡੇ ਸਮਾਚਾਰ ਪੱਤਰਾਂ ਵਿਚ ਤਾਂ ਵੱਡੀਆਂ ਖਬਰਾਂ ਛਪਦੀਆਂ ਹਨ ਪਰ ਆਪਣੇ ਇਲਾਕੇ ਦੀਆਂ ਛੋਟੀਆਂ ਖਬਰਾਂ ਆਮ ਤੌਰ ’ਤੇ ਛੋਟੇ ਸਮਾਚਾਰ ਪੱਤਰ ਹੀ ਛਾਪਦੇ ਹਨ। ਇਹਨਾਂ ਦਾ ਸਫਰ ਸੰਘਰਸ਼ਮਈ ਹੁੰਦਾ ਹੈ ਅਤੇ ਇਹ ਆਪਣੇ ਦਮ ’ਤੇ ਹੀ ਸਮਾਜ ਵਿਚ ਬਦਲਾਵ ਲਿਆਉਂਦੇ ਹਨ। ਉਹਨਾਂ ਛੋਟੇ ਸਮਾਚਾਰ ਪੱਤਰਾਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਣ ਦਾ ਭਰੋਸਾ ਦਿਵਾਇਆ। ਉਹਨਾਂ ਸਤਨਾਮ ਸਿੰਘ ਮਾਣਕ ਨੂੰ ਪੰਜਾਬ ਪ੍ਰੈਸ ਕਲੱਬ ਦਾ ਪ੍ਰਧਾਨ ਬਣਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹਨਾਂ ਨੇ ਹਮੇਸ਼ਾ ਹੀ ਸੱਚੀ ਅਤੇ ਇਮਾਨਦਾਰੀ ਵਾਲੀ ਪੱਤਰਕਾਰੀ ਕੀਤੀ ਹੈ। ਕੌਂਸਲ ਵੱਲੋਂ ਇਹਨਾਂ ਦੋਵਾਂ ਮਹਿਮਾਨਾਂ ਨੂੰ ਉਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮਾਲ ਨਿਊਜ਼ ਪੇਪਰਜ਼ ਕੌਂਸਲ (ਰਜਿ.) ਵੱਲੋਂ ਡਾ. ਇਕਬਾਲ ਸਿੰਘ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਕੌਂਸਲ ਵੱਲੋਂ ਮੰਗ ਪੱਤਰ ਵਿੱਚ ਹੇਠ ਲਿਖੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਿਹਾ।

    ਇਸ ਮੌਕੇ ਕੌਂਸਲ ਦੇ ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਤੇ ਕੌਂਸਲ ਦੇ ਜਨਰਲ ਸਕੱਤਰ ਮੇਜਰ ਜਗਜੀਤ ਸਿੰਘ ਰਿਸ਼ੀ ਵਲੋਂ ਵੈਲਕਮ ਪੰਜਾਬ ਨਿਊਜ਼ ਪੇਪਰ ਦੇ ਚੀਫ ਐਡੀਟਰ ਸ. ਅਮਰਪ੍ਰੀਤ ਸਿੰਘ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਬਾਕੀ ਸਮਾਚਾਰ ਪੱਤਰਾਂ ਦੇ ਮਾਲਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

    ਇਸ ਦੌਰਾਨ ਵੈਲਕਮ ਪੰਜਾਬ ਤੋਂ ਅਮਰਪ੍ਰੀਤ ਸਿੰਘ, ਕੋਟਕਪੂਰਾ ਤੋਂ ਮਾਲਵਾ ਨਿਊਜ਼ ਦੇ ਮਾਲਕ ਹੁਕਮ ਚੰਦ, ਰਣਜੀਤ ਪੇਪਰ ਦੇ ਮਾਲਕ ਇੰ. ਕਰਨੈਲ ਸਿੰਘ, ਪਬਲਿਕ ਟਾਈਮਜ਼ ਤੋਂ ਪੁਸ਼ਪਿੰਦਰ ਕੌਰ, ਬਲਜੀਤ ਸਿੰਘ ਸੰਘਾ, ਗੀਤਾ ਵਰਮਾ, ਡਾ. ਸਰਬਜੀਤ ਸਿੰਘ ਛੀਨਾ ਅੰਮ੍ਰਿਤਸਰ, ਅਸ਼ੋਕ ਖੰਨਾ ਜਗਤ ਵਾਣੀ, ਕੁਲਦੀਪ ਸਿੰਘ ਬੇਦੀ ਮਾਸਿਕ ਖੁਸ਼ਖਬਰੀ, ਪਥਿਕ ਸੰਦੇਸ਼ ਤੋਂ ਰਾਕੇਸ਼ ਸੈਨ, ਯੁਗ ਬੋਧ ਤੋਂ ਕੈਲਾਸ਼ ਠੁਕਰਾਲ, ਮਲੇਰਕੋਟਲਾ ਤੋਂ ਪਹੁ ਫੁਟਾਲਾ ਦੇ ਮਾਲਕ ਮੁਹਮੰਦ ਯੂਸੁਫ ਅੰਸਾਰੀ, ਮਸੀਹੀ ਸੰਸਾਰ ਤੋਂ ਫਰੈਡੀ ਜੋਸਫ, ਤੀਰ ਨਿਸ਼ਾਨੇ ’ਤੇ ਦੇ ਮਾਲਕ ਰਾਕੇਸ਼ ਮਹਾਜਨ, ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ, ਸੁਭਾਸ਼ ਚੰਦਰ ਨਿਸਤਾਂਦਰਾ, ਦੁਆਬਾ ਹੈਡਲਾਈਨ ਤੋਂ ਰਾਮ ਸਿੰਘ ਔਲਖ ਆਦਿ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਛੋਟੇ ਸਮਾਚਾਰ ਪੱਤਰਾਂ ਦੀਆਂ ਮੁਸ਼ਕਲਾਂ ਦੱਸੀਆਂ।

    ਇਹਨਾਂ ਵਿਚੋਂ ਮੁੱਖ ਤੌਰ ’ਤੇ ਡਾਕ ਨਾ ਪਹੁੰਚਣਾ, ਸਰਕਾਰ ਵੱਲੋਂ ਛੋਟੇ ਸਮਾਚਾਰ ਪੱਤਰਾਂ ਨੂੰ ਇਸ਼ਤਿਹਾਰ ਨਾ ਦੇਣਾ, ਛੋਟੇ ਸਮਾਚਾਰ ਪੱਤਰਾਂ ਦੇ ਮਾਲਕਾਂ ਨੂੰ ਕੋਈ ਸਹੂਲਤ ਨਾ ਮਿਲਣਾ ਆਦਿ ਬਾਰੇ ਵਿਚਾਰ ਪੇਸ਼ ਕੀਤੇ ਗਏ। ਮੇਜਰ ਜਗਜੀਤ ਸਿੰਘ ਰਿਸ਼ੀ ਨੇ ਨਾਲ ਦੇ ਨਾਲ ਹੀ ਕੌਂਸਲ ਵੱਲੋਂ ਕੀਤੇ ਗਏ ਉਪਰਾਲੇ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਆਰ.ਐਨ.ਆਈ. ਦੀਆਂ ਗਾਈਡਲਾਈਨਾਂ ਬਾਰੇ ਵੀ ਦੱਸਿਆ ਗਿਆ।