ਅਮਰੀਕਾ ‘ਚ ਭਾਰਤੀ ਨੌਜਵਾਨ ‘ਤੇ ਨਫ਼ਰਤੀ ਹਮਲਾ, ਮੁਸਲਿਮ ਹੋਣ ਕਾਰਨ 15 ਵਾਰ ਚਾਕੂ ਮਾਰਿਆ

(ਅਰਸ਼ਦੀਪ ਸਿੰਘ ਕਾਲੜਾ)  :- ਅਮਰੀਕਾ ਦੇ ਯੂਟਾ ਸੂਬੇ ਦੇ ਵੈਸਟ ਵੈਲੀ ਸਿਟੀ ਵਿੱਚ ਨਫ਼ਰਤੀ ਹਿੰਸਾ ਦਾ ਇੱਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਾਲ ਵਿੱਚ ਕੰਮ ਕਰਦੇ ਭਾਰਤੀ ਮੂਲ ਦੇ ਨੌਜਵਾਨ ਸੋਹੇਲ ‘ਤੇ 48 ਸਾਲਾ ਪੀਟਰ ਮਾਈਕਲ ਲਾਰਸਨ ਨੇ ਚਾਕੂ ਨਾਲ ਕਰੀਬ 15 ਵਾਰ ਹਮਲਾ ਕਰ ਦਿੱਤਾ। ਹਮਲੇ ਵਿੱਚ ਸੋਹੇਲ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਚਸ਼ਮਦੀਦ ਲੂਨਾ ਨੂਨੇਜ਼ ਦੇ ਮੁਤਾਬਕ, ਹਮਲਾਵਰ ਪਹਿਲਾਂ ਸੋਹੇਲ ਦੇ ਕਿਓਸਕ ‘ਤੇ ਆਇਆ ਅਤੇ ਉਸ ਤੋਂ ਪੁੱਛਿਆ ਕਿ ਉਹ ਕਿੱਥੋਂ ਦਾ ਹੈ। ਸੋਹੇਲ ਨੇ ਦੱਸਿਆ ਕਿ ਉਹ ਭਾਰਤ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ ਲਾਰਸਨ ਨੇ ਪੁੱਛਿਆ ਕਿ ਕੀ ਉਹ ਮੁਸਲਮਾਨ ਹੈ। ਜਿਵੇਂ ਹੀ ਸੋਹੇਲ ਨੇ “ਹਾਂ” ਕਿਹਾ, ਹਮਲਾਵਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਉਸ ‘ਤੇ ਚਾਕੂ ਨਾਲ ਤਾਬੜਤੋੜ ਹਮਲਾ ਕਰ ਦਿੱਤਾ।

ਮੌਕੇ ‘ਤੇ ਮੌਜੂਦ ਲੋਕਾਂ ਨੇ ਬਹਾਦਰੀ ਦਿਖਾਉਂਦੇ ਹੋਏ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਜਾਂਚ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਕਬੂਲ ਕੀਤਾ ਕਿ ਉਸ ਦਾ ਇਰਾਦਾ “ਮੁਸਲਮਾਨਾਂ ਨੂੰ ਮਾਰਨ” ਦਾ ਸੀ।

ਇਸ ਘਟਨਾ ਨੇ ਅਮਰੀਕਾ ਵਿੱਚ ਨਫ਼ਰਤੀ ਅਪਰਾਧਾਂ ਨੂੰ ਲੈ ਕੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਨੂੰ ਨਫ਼ਰਤੀ ਅਪਰਾਧ (Hate Crime) ਦੇ ਤੌਰ ‘ਤੇ ਵੀ ਦੇਖਿਆ ਜਾ ਰਿਹਾ ਹੈ।