
Skip to content
ਫ਼ਰੀਦਕੋਟ/ਸਾਦਿਕ 31 ਜੁਲਾਈ (ਵਿਪਨ ਮਿੱਤਲ):- ਐੱਸਐੱਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਟੀਮਾਂ ਨੂੰ ਭਾਰਤੀ ਸਟੇਟ ਬੈਂਕ ਸਾਦਿਕ ਵਿਖੇ ਹੋਏ ਘੁਟਾਲੇ ਦੇ ਕਥਿਤ ਦੋਸ਼ੀ ਅਮਿਤ ਢੀਂਗਰਾ ਨੂੰ ਯੂ.ਪੀ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲਣ ਦਾ ਪਤਾ ਲੱਗਾ ਹੈ।ਹਾਲਾਕਿ ਪੁਲਿਸ ਵੱਲੋਂ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।ਹੋ ਸਕਦਾ ਦੇਰ ਰਾਤ ਡਾ. ਪ੍ਰਗਿਆ ਜੈਨ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦੇਣ।ਮਥੁਰਾ ਵਿਖੇ ਸੋ਼ਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ ਅਨੁਸਾਰ ਮੁਲਜ਼ਮ ਕਈ ਦਿਨਾਂ ਤੋਂ ਮਥੁਰਾ ਵਿੱਚ ਲੁਕਿਆ ਹੋਇਆ ਸੀ। ਬੁੱਧਵਾਰ ਸਵੇਰੇ ਜਦੋਂ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਉਹ ਨੌਵੀਂ ਮੰਜ਼ਿਲ ਤੋਂ ਛਾਲ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਉਹ ਇੱਕ ਘੰਟੇ ਤੱਕ ਖਿੜਕੀ ਨਾਲ ਲਟਕਦਾ ਰਿਹਾ। ਹਾਈਵੇਅ ਪੁਲਿਸ ਸਟੇਸ਼ਨ ਅਤੇ ਪੰਜਾਬ ਪੁਲਿਸ ਨੇ ਕਾਫ਼ੀ ਮਿਹਨਤ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਿਸ ਮੁਲਜ਼ਮ ਅਮਿਤ ਢੀਂਗਰਾ ਨੂੰ ਗ੍ਰਿਫ਼ਤਾਰ ਕਰਨ ਲਈ ਮਥੁਰਾ ਦੇ ਹਾਈਵੇਅ ਖੇਤਰ ਵਿੱਚ ਸਥਿਤ ਰਾਧਾ ਵੈਲੀ ਕਲੋਨੀ ਗਈ ਸੀ।ਉਹ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਇੱਕ ਮਾਮਲੇ ਵਿੱਚ ਕਈ ਦਿਨਾਂ ਤੋਂ ਫਰਾਰ ਸੀ। ਉਹ 10 ਦਿਨਾਂ ਤੋਂ ਕਲੋਨੀ ਵਿੱਚ ਕਿਰਾਏ ਤੇ ਰਹਿ ਰਿਹਾ ਸੀ। ਉਸ ਖ਼ਿਲਾਫ਼ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਹਾਈਵੇਅ ਪੁਲਿਸ ਸਟੇਸ਼ਨ ਨੂੰ ਲਿਖਤੀ ਜਾਣਕਾਰੀ ਦਿੱਤੀ ਸੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਿਸ ਆਪਣੇ ਨਾਲ ਲੈ ਆਈ ਹੈ।ਜਦੋਂ ਕਿ ਇਸ ਮਾਮਲੇ ਨਾਲ ਸਬੰਧਤ ਭਾਰਤੀ ਸਟੇਟ ਬੈਂਕ ਆਫ ਇੰਡੀਆ ਸਾਦਿਕ ਬਰਾਂਚ ਵਿੱਚ ਹੋਏ ਬਹੁ ਕਰੋੜੀ ਘਪਲੇ ਵਿੱਚ ਗ੍ਰਿਫਤਾਰ ਕੀਤੀ ਗਈ ਮੁੱਖ ਮੁਲਜ਼ਮ ਦੀ ਪਤਨੀ ਰੁਪਿੰਦਰ ਕੌਰ ਦੀ ਜ਼ਮਾਨਤ ਅਰਜੀ ਰੱਦ ਹੋਣ ਦਾ ਪਤਾ ਲੱਗਾ ਹੈ।ਮਿਲੀ ਜਾਣਕਾਰੀ ਅਨੁਸਾਰ ਇਲਾਕਾ ਮੈਜਿਸਟਰੇਟ ਮਾਨਯੋਗ ਲਵਦੀਪ ਸਿੰਘ ਹੁੰਦਲ ਨੇ ਅੱਜ ਆਪਣੇ ਇੱਕ ਫੈਸਲੇ ਵਿੱਚ ਸਾਦਿਕ ਬੈਂਕ ਘੁਟਾਲੇ ਵਿੱਚ ਗ੍ਰਿਫਤਾਰ ਕੀਤੀ ਗਈ ਮੁਲਜ਼ਮ ਰੁਪਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਰੁਪਿੰਦਰ ਕੌਰ ਘਪਲੇ ਦੇ ਮੁੱਖ ਮੁਲਜ਼ਮ ਅਮਿਤ ਧੀਂਗੜਾ ਦੀ ਪਤਨੀ ਹੈ। ਪੁਲਿਸ ਅਨੁਸਾਰ ਅਮਿਤ ਢੀਂਗਰਾ ਨੇ ਹੀ ਕਥਿਤ ਤੌਰ ‘ਤੇ ਐਸਬੀਆਈ ਵਿੱਚ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ ਅਤੇ ਇਸ ਸਾਜ਼ਿਸ਼ ਵਿੱਚ ਉਸ ਦੀ ਪਤਨੀ ਰੁਪਿੰਦਰ ਕੌਰ ਵੀ ਸ਼ਾਮਿਲ ਹੈ। ਪੜਤਾਲ ਅਨੁਸਾਰ ਰੁਪਿੰਦਰ ਕੌਰ ਦੇ ਖਾਤਿਆਂ ਵਿੱਚ ਵੀ ਕਰੋੜਾਂ ਰੁਪਏ ਦਾ ਲੈਣ ਦੇਣ ਹੋਇਆ ਹੈ। ਦੂਜੇ ਪਾਸੇ ਰੁਪਿੰਦਰ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਖਾਤੇ ਨੂੰ ਉਸ ਦੇ ਘਰ ਵਾਲਾ ਹੀ ਚਲਾਉਂਦਾ ਸੀ ਅਤੇ ਉਸ ਨੇ ਨਾਂ ਤਾਂ ਆਪਣੇ ਖਾਤੇ ਵਿੱਚ ਪੈਸੇ ਜਮਾਂ ਕਰਵਾਏ ਹਨ ਅਤੇ ਨਾ ਹੀ ਕਢਵਾਏ ਹਨ।ਜ਼ਿਕਰਯੋਗ ਹੈ ਕਿ 21 ਜੁਲਾਈ ਸੋਮਵਾਰ ਨੂੰ ਇਸ ਘੋਟਾਲੇ ਦਾ ਪਰਦਾਫਾਸ਼ ਹੋਇਆ ਸੀ ਤੇ ਉਸ ਸਮੇਂ ਤੋਂ ਹੀ ਅਮਿਤ ਢੀਂਗਰਾ ਫਰਾਰ ਸੀ। ਲਗਪਗ 10 ਦਿਨ ਦੀ ਭੱਜਨੱਠ ਉਪਰੰਤ ਪੁਲਿਸ ਉਸ ਨੂੰ ਕਾਬੂ ਕਰਨ ਵਿੱਚ ਸਫਲ ਰਹੀ।ਹਾਲਾਂਕਿ ਇਸ ਘਪਲੇ ਤੋਂ ਬਾਅਦ ਬੜੀਆਂ ਚਰਚਾਵਾਂ ਚੱਲੀਆਂ।ਹੁਣ ਪੁਲਿਸ ਵੱਲੋਂ ਅਮਿਤ ਤੋਂ ਪੁੱਛ ਪੜਤਾਲ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਵੇਗੀ।ਇਸ ਦੀ ਗ੍ਰਿਫ਼ਤਾਰੀ ਨਾਲ ਲੋਕਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਬੈਂਕ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਪੀੜਤ ਲੋਕਾਂ ਨੂੰ ਪੂਰੀ ਰਕਮ ਦੇਣ ਦਾ ਲਿਖਤੀ ਵਾਅਦਾ ਕੀਤਾ ਜਾ ਚੁੱਕਾ ਹੈ।Related