ਜਲਾਲਾਬਾਦ ਦੇ ਸਰਹੱਦੀ ਪਿੰਡ ਖੈਰੇ ਕੇ ਉਤਾੜ ਦਾ ਰਹਿਣ ਵਾਲਾ ਅੰਮ੍ਰਿਤਪਾਲ ਗਲਤੀ ਦੇ ਨਾਲ ਪਾਕਿਸਤਾਨ ਦੀ ਹੱਦ ਵਿਚ ਦਾਖ਼ਲ ਹੋ ਗਿਆ ਸੀ। ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਵਲੋਂ ਇਸ ਨੂੰ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਅੰਮ੍ਰਿਤਪਾਲ 21 ਜੂਨ ਤੋਂ ਲਾਪਤਾ ਸੀ।ਅੰਮ੍ਰਿਤਪਾਲ ਦੇ ਲਾਪਤਾ ਹੋਣ ’ਤੇ ਜਦ ਬੀਐਸਐਫ਼ ਨੇ ਪਾਕਿਸਤਾਨੀ ਰੇਂਜਰਾਂ ਦੇ ਨਾਲ ਪਹਿਲਾਂ ਗੱਲਬਾਤ ਕੀਤੀ ਸੀ ਤਾਂ ਉਨ੍ਹਾਂ ਨੇ ਕਿਸੇ ਵੀ ਨੌਜਵਾਨ ਨੂੰ ਉਨ੍ਹਾਂ ਦੀ ਹਿਰਾਸਤ ਵਿਚ ਹੋਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਹੁਣ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਨੂੰ ਲੈ ਕੇ ਪਾਕਿਸਤਾਨੀ ਰੇਂਜਰਾਂ ਨੇ ਬੀਐਸਐਫ਼ ਦੇ ਨਾਲ ਸੰਪਰਕ ਕੀਤਾ ਤੇ ਅੰਮ੍ਰਿਤਪਾਲ ਉਨ੍ਹਾਂ ਦੀ ਹਿਰਾਸਤ ਵਿਚ ਹੋਣ ਦੀ ਗੱਲ ਕਹੀ ਹੈ।ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਘਰੋਂ ਅਪਣੀ ਅੱਠ ਕਿੱਲੇ ਜ਼ਮੀਨ ’ਤੇ ਖੇਤੀ ਕਰਨ ਲਈ ਗਿਆ ਸੀ ਤਾਂ ਉਹ ਗਲਤੀ ਨਾਲ ਪਾਕਿਸਤਾਨ ਵਿਚ ਦਾਖ਼ਲ ਹੋ ਗਿਆ। ਪਰਵਾਰ ਤੇ ਪੁਲਿਸ ਵਲੋਂ ਲਗਾਤਾਰ ਭਾਲ ਜਾਰੀ ਸੀ। ਪਰਵਾਰ ਵਲੋਂ ਗ੍ਰਹਿ ਮੰਤਰਾਲਿਆ ਤੇ ਭਾਰਤ ਸਰਕਾਰ ਨੂੰ ਵੀ ਇਸ ਮਾਮਲੇ ’ਚ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਪਰਵਾਰ ਨੂੰ ਆਸ ਬੱਝੀ ਹੈ ਕਿ ਉਨ੍ਹਾਂ ਦਾ ਪੁੱਤ ਵਾਪਸ ਆ ਜਾਏਗਾ।