ਅੰਮ੍ਰਿਤਸਰ ‘ਚ ਦਹਿਲਾ ਦੇਣ ਵਾਲੀ ਵਾਰਦਾਤ: ਪ੍ਰੇਮਿਕਾ ਨੇ ਚਚੇਰੇ ਭਰਾ ਨਾਲ ਮਿਲ ਕੇ ਪ੍ਰੇਮੀ ਨੂੰ ਜਿਉਂਦਾ ਸਾੜਿਆ, ਖੁਦ ਵੀ ਝੁਲਸੀ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) :- ਅੰਮ੍ਰਿਤਸਰ ਦੇ ਮਜੀਠਾ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੂੰ ਕਥਿਤ ਤੌਰ ‘ਤੇ ਉਸ ਦੀ ਪ੍ਰੇਮਿਕਾ ਅਤੇ ਉਸ ਦੇ ਚਚੇਰੇ ਭਰਾ ਨੇ ਪੈਟਰੋਲ ਪਾ ਕੇ ਜਿਉਂਦਾ ਸਾੜ ਦਿੱਤਾ। ਇਸ ਘਟਨਾ ਵਿੱਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਪ੍ਰੇਮਿਕਾ ਅਤੇ ਉਸ ਦਾ ਚਚੇਰਾ ਭਰਾ ਵੀ ਗੰਭੀਰ ਰੂਪ ਵਿੱਚ ਝੁਲਸ ਗਏ। ਦੋਵਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ, ਵਾਸੀ ਪਿੰਡ ਬਾਲ ਖੁਰਦ ਵਜੋਂ ਹੋਈ ਹੈ। ਸੰਦੀਪ ਅਤੇ ਉਕਤ ਮੁਟਿਆਰ ਪਹਿਲਾਂ ਇੱਕੋ ਥਾਂ ਕੰਮ ਕਰਦੇ ਸਨ ਅਤੇ ਦੋਵਾਂ ਵਿਚਕਾਰ ਪ੍ਰੇਮ ਸਬੰਧ ਸਨ। ਕਰੀਬ ਦੋ ਮਹੀਨੇ ਪਹਿਲਾਂ ਸੰਦੀਪ ਦਾ ਵਿਆਹ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਨੂੰ ਉਸ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ ਮੁਲਾਕਾਤ ਦੇ ਬਹਾਨੇ ਸੰਦੀਪ ਨੂੰ ਆਪਣੇ ਘਰ ਬੁਲਾਇਆ।

ਬੁੱਧਵਾਰ ਨੂੰ ਸੰਦੀਪ ਮੋਟਰਸਾਈਕਲ ‘ਤੇ ਮਜੀਠਾ ਵਿਖੇ ਉਸ ਦੇ ਘਰ ਪਹੁੰਚਿਆ। ਸ਼ੁਰੂਆਤੀ ਗੱਲਬਾਤ ਤੋਂ ਬਾਅਦ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਲੜਕੀ ਅਤੇ ਉਸ ਦੇ ਚਚੇਰੇ ਭਰਾ ਨੇ ਸੰਦੀਪ ‘ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ।

ਅੱਗ ਦੀਆਂ ਲਪਟਾਂ ਵਿੱਚ ਘਿਰੇ ਸੰਦੀਪ ਨੇ ਬਚਣ ਦੀ ਕੋਸ਼ਿਸ਼ ਦੌਰਾਨ ਪ੍ਰੇਮਿਕਾ ਨੂੰ ਫੜ ਲਿਆ, ਜਿਸ ਕਾਰਨ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਈ। ਉਸ ਨੂੰ ਬਚਾਉਣ ਲਈ ਅੱਗੇ ਆਇਆ ਚਚੇਰਾ ਭਰਾ ਹਰਪਾਲ ਸਿੰਘ ਵੀ ਬੁਰੀ ਤਰ੍ਹਾਂ ਝੁਲਸ ਗਿਆ। ਸਥਾਨਕ ਲੋਕਾਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ, ਪਰ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ।

ਮਜੀਠਾ ਥਾਣੇ ਦੇ ਐਸ.ਐਚ.ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖ਼ਲ ਨੌਜਵਾਨ ਔਰਤ ਅਤੇ ਉਸ ਦੇ ਚਚੇਰੇ ਭਰਾ ਨੇ ਪੁੱਛਗਿੱਛ ਦੌਰਾਨ ਅਪਰਾਧ ਕਬੂਲ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਦੇ ਬਾਹਰ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ।

ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਰਾਜਵਿੰਦਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।