ਦੇਰ ਰਾਤ ਤਰਨਤਾਰਨ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਠਭੇੜ ਹੋਈ। ਦੋਵਾਂ ਪਾਸਿਆਂ ਵੱਲੋਂ ਫਾਇਰਿੰਗ ਕੀਤੀ ਗਈ। ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬਦਮਾਸ਼ ਕਤਲ ਸਮੇਤ ਅੱਧਾ ਦਰਜਨ ਦੇ ਕਰੀਬ ਕੇਸਾਂ ਵਿੱਚ ਲੋੜੀਂਦਾ ਸੀ।  ਮੁਕਾਬਲੇ ਵਾਲੀ ਜਗ੍ਹਾ ’ਤੇ ਐੱਸਐੱਸਪੀ ਅਭੀਮੰਨਿਊ ਰਾਣਾ, ਐੱਸਪੀ ਇਨਵੈਸਟੀਗੇਸ਼ਨ ਅਜੈਰਾਜ ਸਿੰਘ ਸਮੇਤ ਹੋਰ ਅਧਿਕਾਰੀ ਵੀ ਪਹੁੰਚ ਗਏ। ਐੱਸਐੱਸਪੀ ਅਭੀਮੰਨਿਊ ਰਾਣਾ ਨੇ ਦੱਸਿਆ ਕਿ ਕਤਲ ਸਮੇਤ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਮੁਲਜ਼ਮ ਯੁਵਰਾਜ ਸਿੰਘ ਵਾਸੀ ਮੁਰਾਦਪੁਰ ਨਾਮਕ ਮੁਲਜ਼ਮ ਬਾਰੇ ਸੀਆਈਏ ਸਟਾਫ ਤਰਨਤਾਰਨ ਅਤੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੂੰ ਇਲਾਕੇ ਵਿਚ ਹੋਣ ਦੀ ਸੂਚਨਾ ਮਿਲੀ ਸੀ।

    ਜਦੋਂ ਉਸ ਨੂੰ ਫੜ੍ਹਨ ਲਈ ਪਹੁੰਚੇ ਤਾਂ ਉਸ ਨੇ ਪੁਲਿਸ ਦਲ ਉੱਪਰ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਦੌਰਾਨ ਯੁਵਰਾਜ ਸਿੰਘ ਦੀ ਲੱਤ ’ਤੇ ਗੋਲੀ ਲੱਗੀ ਅਤੇ ਉਹ ਜਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਹਸਪਤਾਲ ਭੇਜ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ 45 ਬੋਰ ਦਾ ਇਕ ਪਿਸਟਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਉੱਪਰ 5 ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਹਨ ਅਤੇ 29 ਜੁਲਾਈ 2024 ਨੂੰ ਹੋਏ ਇਕ ਕਤਲ ਦੇ ਕੇਸ ਵਿਚ ਵੀ ਇਹ ਸ਼ਾਮਲ ਸੀ।  ਉਨ੍ਹਾਂ ਦੱਸਿਆ ਕਿ ਇਸਦਾ ਕਿਸੇ ਗੈਂਗ ਨਾਲ ਸਬੰਧ ਹੈ ਜਾਂ ਨਹੀਂ ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।