ਫਾਜ਼ਿਲਕਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਮ ਆਦਮੀ ਪਾਰਟੀ (AAP) ਦੀ ਮਹਿਲਾ ਕੋਆਰਡੀਨੇਟਰ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਭਾਜਪਾ (BJP) ਕੌਂਸਲਰ ਸਮੇਤ 4 ਲੋਕਾਂ ਖ਼ਿਲਾਫ਼ FIR ਦਰਜ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ, ਸਿਟੀ ਥਾਣਾ ਪੁਲਿਸ ਨੇ ਰਾਧਾ ਸੁਆਮੀ ਕਲੋਨੀ, ਫਾਜ਼ਿਲਕਾ ਦੀ ਰਹਿਣ ਵਾਲੀ ਮੰਜੂ ਰਾਣੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਵਾਰਡ ਨੰਬਰ 9 ਦੇ BJP ਕੌਂਸਲਰ ਸੁਰੇਸ਼ ਕੁਮਾਰ ਵੱਲੋਂ ‘ਮੁੱਖ ਮੰਤਰੀ ਮਾਂ-ਧੀ ਸਤਕਾਰ ਯੋਜਨਾ’ ਦੇ ਫਾਰਮ ਪੈਸੇ ਲੈ ਕੇ ਭਰੇ ਜਾ ਰਹੇ ਸਨ।

ਮੰਜੂ ਰਾਣੀ ਮੁਤਾਬਕ, ਜਦੋਂ ਉਹ ਇਸ ਸਬੰਧੀ ਪੁੱਛਗਿੱਛ ਕਰਨ ਲਈ ਆਪਣੇ ਭਰਾ ਨਾਲ ਕੌਂਸਲਰ ਦੇ ਦਫ਼ਤਰ ਪਹੁੰਚੀ ਅਤੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਕਥਿਤ ਤੌਰ ‘ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਇਸ ਘਟਨਾ ਵਿੱਚ ਮਹਿਲਾ ਅਤੇ ਉਸ ਦਾ ਭਰਾ ਜ਼ਖ਼ਮੀ ਹੋਣ ਦੀ ਗੱਲ ਕਹੀ ਗਈ ਹੈ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਵਿੱਚ ਦਾਖ਼ਲ ਕਰਵਾਇਆ ਗਿਆ।

ਪੁਲਿਸ ਨੇ ਸੁਰੇਸ਼ ਕੁਮਾਰ, ਰਮਨ ਕੁਮਾਰ, ਸਾਜਨ ਅਤੇ ਇੱਕ ਅਣਪਛਾਤੀ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।