
Skip to content

ਨਵੀਂ ਦਿੱਲੀ/ਅਮਿਤ ਨਖਵਾਲ: ਯੂਕਰੇਨ ਦੇ ਤੱਟ ਨੇੜੇ ਗਿਨੀ-ਬਿਸਾਉ ਦੇ ਝੰਡੇ ਵਾਲੇ ਵਪਾਰਕ ਜਹਾਜ਼ ਐਮਵੀ ਗੋਲਡਨ ਲਿਓ ‘ਤੇ ਹੋਏ ਮਿਜ਼ਾਈਲ ਹਮਲੇ ਵਿੱਚ ਚਾਰ ਭਾਰਤੀ ਮਲਾਹਾਂ ਦੀ ਮੌਤ ਤੋਂ ਬਾਅਦ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਨੇ ਭਾਰਤ ਵਿੱਚ ਤਾਇਨਾਤ ਰੂਸੀ ਦੂਤਾਵਾਸ ਦੇ ਚਾਰਜ ਡੀ ਅਫੇਅਰਜ਼ (ਸੀਡੀਏ) ਨੂੰ ਤਲਬ ਕਰਕੇ ਇਸ ਘਟਨਾ ‘ਤੇ ਸਖ਼ਤ ਵਿਰੋਧ ਦਰਜ ਕਰਵਾਇਆ।
ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਵਪਾਰਕ ਜਹਾਜ਼ ‘ਤੇ ਹਮਲਾ ਕਰਨਾ ਅਤੇ ਉਸ ਵਿੱਚ ਸਵਾਰ ਨਿਰਦੋਸ਼ ਨਾਗਰਿਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਭਾਰਤ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਹਮਲਿਆਂ ਤੋਂ ਹਰ ਹਾਲਤ ਵਿੱਚ ਬਚਿਆ ਜਾਣਾ ਚਾਹੀਦਾ ਹੈ।
ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਦੇ ਅਨੁਸਾਰ, ਇਹ ਹਮਲਾ ਐਤਵਾਰ ਨੂੰ ਉਸ ਸਮੇਂ ਹੋਇਆ ਜਦੋਂ ਜਹਾਜ਼ ਯੂਕਰੇਨ ਦੇ ਸਮੁੰਦਰੀ ਗਲਿਆਰੇ ਰਾਹੀਂ ਓਡੇਸਾ ਬੰਦਰਗਾਹ ਤੋਂ ਰਵਾਨਾ ਹੋ ਰਿਹਾ ਸੀ। ਯੂਕਰੇਨੀ ਹਵਾਈ ਸੈਨਾ ਨੇ ਦਾਅਵਾ ਕੀਤਾ ਕਿ ਜਹਾਜ਼ ਨੂੰ ਰੂਸੀ ਕਰੂਜ਼ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ।
ਵਿਦੇਸ਼ ਮੰਤਰਾਲੇ ਮੁਤਾਬਕ ਜਹਾਜ਼ ‘ਤੇ ਕੁੱਲ 17 ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚ ਪੰਜ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਇਸ ਹਮਲੇ ਵਿੱਚ ਚਾਰ ਭਾਰਤੀ ਮਲਾਹਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਭਾਰਤੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਮੰਤਰਾਲੇ ਨੇ ਦੱਸਿਆ ਕਿ ਯੂਕਰੇਨ ਵਿੱਚ ਭਾਰਤੀ ਦੂਤਾਵਾਸ ਪੂਰੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਪ੍ਰਭਾਵਿਤ ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਨਾਲ ਹੀ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘਾ ਦੁੱਖ ਪ੍ਰਗਟ ਕਰਦਿਆਂ ਜ਼ਖਮੀ ਮਲਾਹ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਕਿਸੇ ਹਮਲੇ ਦੌਰਾਨ ਚਾਰ ਭਾਰਤੀ ਮਲਾਹਾਂ ਦੀ ਜਾਨ ਗਈ ਹੈ। ਭਾਰਤ ਨੇ ਦੁਬਾਰਾ ਜ਼ੋਰ ਦੇ ਕੇ ਕਿਹਾ ਹੈ ਕਿ ਸਮੁੰਦਰੀ ਵਪਾਰ ਦੀ ਆਜ਼ਾਦੀ ਅਤੇ ਨਾਗਰਿਕ ਜਹਾਜ਼ਾਂ ਦੀ ਸੁਰੱਖਿਆ ਹਰ ਹਾਲਤ ਵਿੱਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਰਿਪੋਰਟ: ਅਮਿਤ ਨਖਵਾਲ
Related