ਸਿਡਨੀ ਜ਼ਿਲ੍ਹਾ ਅਦਾਲਤ ਦੀ ਇੱਕ ਜਿਊਰੀ ਨੇ ਵੀਰਵਾਰ ਨੂੰ ਆਸਟਰੇਲੀਆ ਦੇ ਸਾਬਕਾ ਸਪਿਨਰ ਸਟੂਅਰਟ ਮੈਕਗਿੱਲ ਨੂੰ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ’ਚ ਦੋਸ਼ੀ ਪਾਇਆ, ਪਰ ਅਪ੍ਰੈਲ 2021 ਵਿੱਚ ਹੋਏ ਵੱਡੇ ਪੱਧਰ ਦੇ ਵਪਾਰਕ ਡਰੱਗ ਲੈਣ-ਦੇਣ ਵਿੱਚ ਸ਼ਾਮਲ ਹੋਣ ਦੇ ਦੋਸ਼ ’ਚ ਉਸ ਨੂੰ ਬਰੀ ਕਰ ਦਿੱਤਾ ਗਿਆ।

ਪੇਸ਼ ਕੀਤੇ ਗਏ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਮੈਕਗਿਲ ਦੇ ਨਿਯਮਤ ਡਰੱਗ ਸਪਲਾਇਰ ਅਤੇ ਉਸ ਦੇ ਜੀਜਾ ਮਾਰੀਨੋ ਸੋਟੀਰੋਪੋਲੋਸ ਨੇ ਇੱਕ ਕਿਲੋਗ੍ਰਾਮ ਕੋਕੀਨ ਲਈ 330,000 ਡਾਲਰ (ਤਿੰਨ ਕਰੋੜ) ਦਾ ਸੌਦਾ ਕੀਤਾ ਸੀ। ਜਦੋਂ ਕਿ ਸਾਬਕਾ ਕ੍ਰਿਕਟਰ ਨੇ ਆਪਣੇ ਰੈਸਟੋਰੈਂਟ ਵਿੱਚ ਇਸ ਸੌਦੇ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਸੀ। ਜਦੋਂ ਕਿ ਕ੍ਰਿਕਟਰ ਨੇ ਕਿਹਾ ਕਿ ਉਸਨੂੰ ਕਿਸੇ ਸੌਦੇ ਬਾਰੇ ਪਤਾ ਨਹੀਂ ਸੀ। ਪਰ ਵਕੀਲਾਂ ਨੇ ਦਲੀਲ ਦਿੱਤੀ ਕਿ ਇੰਨਾ ਵੱਡਾ ਸੌਦਾ ਬਿਨ੍ਹਾਂ ਮੈਕਗਿਲ ਦੀ ਸਮੂਲੀਅਤ ਦੇ ਹੋਣਾ ਮੁਮਕਿਨ ਹੀ ਨਹੀਂ ਸੀ।
ਜਿਊਰੀ ਨੇ ਇੱਕ ਕਿਲੋਗ੍ਰਾਮ ਦੇ ਲੈਣ-ਦੇਣ ਵਿੱਚ ਮੈਕਗਿਲ ਦੀ ਸ਼ਮੂਲੀਅਤ ਦੇ ਸਬੰਧ ਵਿੱਚ ਕ੍ਰਾਊਨ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ, ਪਰ ਫਿਰ ਵੀ ਉਸਨੂੰ ਡਰੱਗ ਸਪਲਾਈ ਵਿੱਚ ਹਿੱਸਾ ਲੈਣ ਨਾਲ ਸਬੰਧਤ ਦੋਸ਼ ਲਈ ਦੋਸ਼ੀ ਠਹਿਰਾਇਆ ਗਿਆ। ਅਦਾਲਤ ਨੇ ਉਸ ਦੀ ਸਜ਼ਾ ਦੀ ਕਾਰਵਾਈ ਅੱਠ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ। ਮੈਕਗਿਲ ਨੇ ਆਸਟਰੇਲੀਆ ਲਈ 44 ਟੈਸਟ ਮੈਚ ਖੇਡੇ, ਜਿਸ ’ਚ ਉਨ੍ਹਾਂ ਨੇ 208 ਵਿਕਟਾਂ ਲਈਆਂ।