ਤਾਈਕੋਵਾਂਡੋ ਚੈਂਪੀਅਨਸ਼ਿਪ ਵਿੱਚ ਇੰਦਰਜੀਤ ਸਿੰਘ ਨੇ ਜਿੱਤਿਆ ਸੋਨੇ ਦਾ ਤਮਗਾ

ਜਤਿੰਦਰ ਪਿੰਕਲ, ਫਿਰੋਜ਼ਪੁਰ : ਥਾਈਲੈਂਡ ਦੇ ਮਸ਼ਹੂਰ ਸ਼ਹਿਰ ਪਟਾਯਾ ਵਿਖੇ ਕਰਵਾਈ ਗਈ 9ਵੀਂ ਹੀਰੋਜ਼ ਤਾਈਕੋਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਇੰਦਰਜੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿੱਤ ਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ।

ਇੰਦਰਜੀਤ ਸਿੰਘ ਦੀ ਇਹ ਸ਼ਾਨਦਾਰ ਜਿੱਤ ਉਸ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਨਤੀਜਾ ਹੈ। ਅੰਤਰਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਹਾਸਲ ਕਰਕੇ ਵਿਦਿਆਰਥੀ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ ਮਾਣਮੱਤੀ ਉਪਲਬਧੀ ਤੋਂ ਬਾਅਦ ਸਕੂਲ ਪਹੁੰਚਣ ’ਤੇ ਇੰਦਰਜੀਤ ਸਿੰਘ ਦਾ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ ਅਤੇ ਇੰਦਰਜੀਤ ਸਿੰਘ ਨੂੰ ਭਵਿੱਖ ਵਿੱਚ ਵੀ ਖੇਡਾਂ ਦੇ ਖੇਤਰ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਦੀਆਂ ਹਨ ਅਤੇ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ।