ਸੰਗਰੂਰ : ਸ਼ਹਿਰ ਵਿਚ ਆਵਾਰਾ ਖੂੰਖਾਰ ਕੁੱਤਿਆਂ ਦਾ ਵਧਦਾ ਖੌਫ ਹੁਣ ਇਕ ਗੰਭੀਰ ਜਨ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਦਾ ਜਾ ਰਿਹਾ ਹੈ। ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਸ਼ਹਿਰ ਦੀਆਂ ਗਲੀਆਂ-ਮੁਹੱਲਿਆਂ ਤੋਂ ਲੈ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਿਸਤਰਾਂ ਤਕ ਆਵਾਰਾ ਕੁੱਤਿਆਂ ਦਾ ਕਬਜ਼ਾ ਦਿਖਾਈ ਦੇ ਰਿਹਾ ਹੈ। ਮਤਲਬ ਗਲੀਆਂ ਵਿਚ ਆਉਣ-ਜਾਣ ਵਾਲੀਆਂ ਔਰਤਾਂ, ਬੱਚੇ ਤੇ ਬਜ਼ੁਰਗ ਹੀ ਨਹੀਂ, ਸਗੋਂ ਐਮਰਜੈਂਸੀ ਵਾਰਡ ’ਚ ਇਲਾਜ ਲਈ ਆਉਣ ਵਾਲੇ ਮਰੀਜ਼ ਵੀ ਆਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਸਕਦੇ ਹਨ। ਅਜਿਹੀ ਸਥਿਤੀ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਹੀ ਨਹੀਂ, ਸਿਹਤ ਵਿਭਾਗ ਤੇ ਹਸਪਤਾਲ ਪ੍ਰਬੰਧਨ ਦੀ ਕਾਰਗੁਜ਼ਾਰੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਇਸ ਸਬੰਧੀ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ, ਜਿਸ ’ਚ ਸੰਗਰੂਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਬੈੱਡ ’ਤੇ ਇੱਕ ਕੁੱਤਾ ਆਰਾਮ ਕਰਦਾ ਦਿਖਾਈ ਦੇ ਰਿਹਾ ਹੈ।
ਸੋਮਵਾਰ ਨੂੰ ਸ਼ਹਿਰ ਦੀ ਸੁੰਦਰ ਬਸਤੀ ਨਿਵਾਸੀ 6 ਸਾਲ ਦਾ ਬੱਚਾ ਗਗਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਆਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਪਹਿਲਾਂ 9 ਜਨਵਰੀ ਨੂੰ 5 ਸਾਲ ਦੇ ਰੋਹਿਤ ਪੁੱਤਰ ਸਾਗਰ ਕੁਮਾਰ ਨੂੰ ਵੀ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ ਸੀ। ਗਗਨਦੀਪ ਸਿੰਘ ਦੀ ਨਾਨੀ ਨੇ ਦੱਸਿਆ ਕਿ ਗਗਨਦੀਪ ਪਹਿਲਾਂ ਤੋਂ ਹੀ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਪੀੜਤ ਹੈ। ਸਿਵਲ ਹਸਪਤਾਲ ਵਿਚ ਗਗਨਦੀਪ ਦਾ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਹਸਪਤਾਲ ’ਚ ਰੋਜ਼ਾਨਾ 10 ਤੋਂ 15 ਤੱਕ ਕੁੱਤਿਆਂ ਵੱਲੋ ਵੱਢਣ ਦੇ ਮਰੀਜ਼ ਇਲਾਜ ਲਈ ਆ ਰਹੇ ਹਨ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸੰਗਰੂਰ ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿਚ ਹੀ ਵੱਡੀ ਗਿਣਤੀ ਵਿਚ ਆਵਾਰਾ ਕੁੱਤੇ ਖੁੱਲ੍ਹੇਆਮ ਘੁੰਮ ਰਹੇ ਹਨ। ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਵਿਚ ਕੁੱਤਿਆਂ ਨੂੰ ਐਮਰਜੈਂਸੀ ਵਾਰਡ ਵਿਚ ਮਰੀਜ਼ਾਂ ਦੇ ਬੈੱਡ ’ਤੇ ਬੈਠੇ ਅਤੇ ਵਾਰਡ ਦੇ ਅੰਦਰ ਆਰਾਮ ਕਰਦੇ ਹੋਏ ਦੇਖਿਆ ਗਿਆ। ਇਹ ਨਾ ਸਿਰਫ਼ ਮਰੀਜ਼ਾਂ ਤੇ ਸਟਾਫ਼ ਦੀ ਜ਼ਿੰਦਗੀ ਲਈ ਗੰਭੀਰ ਖ਼ਤਰਾ ਹੈ, ਸਗੋਂ ਸਿਹਤ ਵਿਭਾਗ ਦੀ ਲਾਪ੍ਰਵਾਹੀ ਨੂੰ ਵੀ ਉਜਾਗਰ ਕਰਦਾ ਹੈ। ਕਿਉਂਕਿ ਸਿਹਤ ਵਿਭਾਗ ਅਤੇ ਹਸਪਤਾਲ ਪ੍ਰਬੰਧਨ ਵੱਲੋਂ ਸਿਵਲ ਹਸਪਤਾਲ ਵਿੱਚੋਂ ਆਵਾਰਾ ਕੁੱਤਿਆਂ ਨੂੰ ਹਟਵਾਉਣ ਲਈ ਨਗਰ ਕੌਂਸਲ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ, ਪਰ ਹਸਪਤਾਲ ਪ੍ਰਬੰਧਨ ਇਸ ਮਾਮਲੇ ’ਚ ਸੁਸਤ ਰਵੱਈਆ ਅਪਣਾ ਰਿਹਾ ਹੈ, ਜਿਸ ਕਾਰਨ ਹਸਪਤਾਲ ਵਿਚ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਸ਼ਹਿਰ ਵਿੱਚ ਲਗਾਤਾਰ ਮਾਸੂਮ ਬੱਚਿਆਂ ਤੇ ਔਰਤਾਂ ਨੂੰ ਕੁੱਤਿਆਂ ਵੱਲੋਂ ਵੱਢੇ ਜਾਣ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਗਰੂਰ ਦੇ ਸਮਾਜਿਕ ਕਾਰਕੁਨ ਤੇ ਵਕੀਲ ਕਮਲ ਆਨੰਦ ਨੇ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ, ਨਗਰ ਨਿਗਮ ਮੰਤਰੀ, ਮੁੱਖ ਸਕੱਤਰ ਸਮੇਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਪੱਤਰ ਭੇਜੇ ਹਨ। ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਹਸਪਤਾਲਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਸਿੱਖਿਆ ਸੰਸਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਸਬੰਧੀ ਸਪਸ਼ਟ ਹੁਕਮਾਂ ਦੇ ਬਾਵਜੂਦ ਸੰਗਰੂਰ ਵਿੱਚ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਸਥਾਨਕ ਪ੍ਰਸ਼ਾਸਨ ਨਾਗਰਿਕਾਂ ਦੀ ਸੁਰੱਖਿਆ ਨੂੰ ਦਾਅ ’ਤੇ ਲਾ ਰਿਹਾ ਹੈ। ਪੱਤਰ ਰਾਹੀਂ ਵਕੀਲ ਕਮਲ ਆਨੰਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਅਤੇ ਹੋਰ ਜਨਤਕ ਥਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਆਵਾਰਾ ਕੁੱਤਿਆਂ ਤੋਂ ਮੁਕਤ ਕੀਤਾ ਜਾਵੇ।ਛੇਤੀ ਕੀਤੀ ਜਾਵੇਗੀ ਕਾਰਵਾਈ : ਸੀਐੱਮਓਸਿਵਲ ਸਰਜਨ ਡਾ. ਅਮਰਜੀਤ ਕੌਰ ਨੇ ਕਿਹਾ ਕਿ ਵਾਈਰਲ ਵੀਡਿਓ ਦੇਖਣ ਤੋ ਬਾਅਦ ਉਨ੍ਹਾਂ ਸਿਵਲ ਹਸਪਤਾਲ ਦਾ ਦੌਰਾ ਕਰਕੇ ਸਾਰੀ ਸਥਿਤੀ ਦਾ ਜਾਇਜਾ ਲਿਆ। ਨਾਲ ਹੀ ਐਸਐੱਮਓ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਐਸਐਮਓ ਮੁਤਾਬਕ ਪਹਿਲਾਂ ਵੀ ਨਗਰ ਕੌਸਲ ਨੂੰ ਇਸ ਸੰਬੰਧੀ ਪੱਤਰ ਲਿਖੇ ਜਾ ਚੁੱਕੇ ਹਨ। ਹੁਣ ਵੀ ਇੱਕ ਪੱਤਰ ਲਿਖਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚੋ ਕੁੱਤਿਆਂ ਨੂੰ ਬਾਹਰ ਕੱਢਿਆ ਜਾਵੇ।